ਲੰਡਨ ਦੇ ਹਵਾਈ ਅੱਡੇ ’ਤੇ ਛੋਟਾ ਜਹਾਜ਼ ਹਾਦਸਾਗ੍ਰਸਤ, ਚਾਰ ਹਲਾਕ
ਲੰਡਨ, 14 ਜੁਲਾਈ
ਲੰਡਨ ਦੇ ਸਾਊਥੈਂਡ ਹਵਾਈ ਅੱਡੇ ’ਤੇ ਉਡਾਣ ਭਰਨ ਤੋਂ ਫੌਰੀ ਮਗਰੋਂ ਛੋਟਾ ਜਹਾਜ਼ (ਬਿਜ਼ਨਸ ਜੈੱਟ ਪਲੇਨ) ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਇਹਤਿਆਤ ਵਜੋਂ ਹਵਾਈ ਅੱਡੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਐਸੈਕਸ ਪੁਲੀਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ।
ਨੈਦਰਲੈਂਡਜ਼ ਦੀ ਜ਼ਿਊਸ਼ ਏਵੀਏਸ਼ਨ ਦਾ ਇਹ ਜਹਾਜ਼ ਗ੍ਰੀਸ ਤੋਂ ਪੁਲਾ (ਕ੍ਰੋਏਸ਼ੀਆ) ਤੇ ਅੱਗੇ ਸਾਊਥੈਂਡ ਆਇਆ ਸੀ। ਜਹਾਜ਼ ਨੇ ਐਤਵਾਰ ਸ਼ਾਮੀਂ ਵਾਪਸ ਨੈਦਰਲੈਂਡਜ਼ ਲਈ ਉਡਾਣ ਭਰੀ ਸੀ। ਜ਼ਿਊਸ਼ ਏਵੀਏਸ਼ਨ ਨੇ ਆਪਣੀ ਐੱਸਯੂਜ਼ੀ1 ਉਡਾਣ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕੀਤੀ ਹੈ। ਉਧਰ, ਬ੍ਰਿਟਿਸ਼ ਮੀਡੀਆ ਨੇ ਕਿਹਾ ਕਿ ਬੀਚਕ੍ਰਾਫ਼ਟ ਬੀ200 ਸੁਪਰ ਕਿੰਗ ਜਹਾਜ਼ ਸ਼ਾਮਲ ਸੀ ਜੋ ਮਰੀਜ਼ਾਂ ਨੂੰ ਲਿਜਾਣ ਲਈ ਮੈਡੀਕਲ ਪ੍ਰਣਾਲੀਆਂ ਨਾਲ ਲੈਸ ਸੀ। ਇਹ ਟਰਬੋਪ੍ਰੌਪ ਜਹਾਜ਼ ਹੈ ਜੋ 12 ਮੀਟਰ (39 ਫੁੱਟ) ਲੰਮਾ ਹੈ। ਲੰਡਨ ਸਾਊਥੈਂਡ ਮੁਕਾਬਲਤਨ ਛੋਟਾ ਹਵਾਈ ਅੱਡਾ ਹੈ, ਜੋ ਲੰਡਨ ਤੋਂ ਕਰੀਬ 45 ਮੀਲ (72 ਕਿਲੋਮੀਟਰ) ਪੂਰਬ ਵੱਲ ਹੈ। ਹਾਦਸੇੇ ਕਰਕੇ ਅਗਲੇ ਹੁਕਮਾਂ ਤੱਕ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂਕਿ ਪੁਲੀਸ, ਐਮਰਜੈਂਸੀ ਸੇਵਾਵਾਂ ਅਤੇ ਹਵਾਈ ਸੇਵਾ ਨਾਲ ਜੁੜੇ ਤਫ਼ਤੀਸ਼ਕਾਰ ਮੌਕੇ ’ਤੇ ਕੰਮ ਕਰ ਰਹੇ ਸਨ। ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਤਸਵੀਰਾਂ ਵਿੱਚ ਹਾਦਸੇ ਵਾਲੀ ਥਾਂ ਤੋਂ ਅੱਗ ਅਤੇ ਕਾਲੇ ਧੂੰਏਂ ਦੇ ਗੁਬਾਰ ਦੇਖੇ ਗਏ ਹਨ। ਹਵਾਈ ਅੱਡੇ ’ਤੇ ਆਪਣੇ ਪਰਿਵਾਰ ਨਾਲ ਮੌਜੂਦ ਜੌਹਨ ਜੌਹਨਸਨ ਨੇ ਕਿਹਾ ਕਿ ਉਸ ਨੇ ਜਹਾਜ਼ ਦੇ ‘ਪਹਿਲਾਂ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ‘ਵੱਡਾ ਅੱਗ ਦਾ ਗੋਲਾ’ ਦੇਖਿਆ। ਜੌਹਨਸਨ ਨੇ ਕਿਹਾ, ‘‘ਜਹਾਜ਼ ਨੇ ਉਡਾਣ ਭਰੀ ਅਤੇ ਤਿੰਨ ਜਾਂ ਚਾਰ ਸੈਕਿੰਡਾਂ ਬਾਅਦ ਇਹ ਆਪਣੇ ਖੱਬੇ ਪਾਸੇ ਜ਼ੋਰ ਨਾਲ ਝੁਕਿਆ ਅਤੇ ਲਗਪਗ ਉਲਟ ਗਿਆ ਅਤੇ ਜ਼ਮੀਨ ’ਤੇ ਜਾ ਡਿੱਗਾ।’’ -ਏਪੀ