ਗਾਜ਼ਾ ’ਤੇ ਇਜ਼ਰਾਈਲ ਦੇ ਹਮਲੇ ’ਚ ਛੇ ਹਲਾਕ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬੰਬਾਰੀ ਬੰਦ ਕਰਨ ਦੀ ਮੰਗ ਕਰਨ ਅਤੇ ਇਹ ਕਹਿਣ ਤੋਂ ਬਾਅਦ ਕਿ ਹਮਾਸ ਸ਼ਾਂਤੀ ਸਥਾਪਤ ਕਰਨ ਲਈ ਅਤੇ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ, ਮਗਰੋਂ ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਗਾਜ਼ਾ 'ਤੇ ਹਮਲੇ ਕੀਤੇ ਹਨ। ਸਥਾਨਕ ਅਥਾਰਟੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਗਾਜ਼ਾ ਪੱਟੀ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੈਡੀਕਲ ਕਰਮਚਾਰੀਆਂ ਅਤੇ ਸਥਾਨਕ ਅਥਾਰਟੀਆਂ ਨੇ ਦੱਸਿਆ ਕਿ ਇੱਕ ਹਮਲੇ ਵਿੱਚ ਗਾਜ਼ਾ ਸ਼ਹਿਰ ਦੇ ਇੱਕ ਘਰ ਵਿੱਚ ਚਾਰ ਵਿਅਕਤੀ ਮਾਰੇ ਗਏ ਜਦਕਿ ਦੂਜੇ ਹਮਲੇ ਵਿੱਚ ਦੱਖਣ ਵਿੱਚ ਸਥਿਤ ਖਾਨ ਯੂਨਿਸ ਵਿੱਚ ਦੋ ਹੋਰ ਵਿਅਤੀ ਮਾਰੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਗਾਜ਼ਾ ਜੰਗ ਨੂੰ ਖਤਮ ਕਰਨ ਲਈ ਟਰੰਪ ਦੀ ਯੋਜਨਾ ਦਾ 'ਪਹਿਲਾ ਪੜਾਅ' ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਸ਼ਨਿਚਰਵਾਰ ਤੜਕੇ ਕਿਹਾ ਕਿ ਹਮਾਸ ਦੇ ਜਵਾਬ ਤੋਂ ਬਾਅਦ ਇਜ਼ਰਾਇਲੀ ਬੰਧਕਾਂ ਦੀ ਰਿਹਾਈ ਲਈ ਟਰੰਪ ਦੀ ਗਾਜ਼ਾ ਯੋਜਨਾ ਦੇ ਪਹਿਲੇ ਪੜਾਅ ਨੂੰ "ਤੁਰੰਤ ਲਾਗੂ ਕਰਨ" ਦੀ ਤਿਆਰੀ ਕਰ ਰਿਹਾ ਹੈ। ਥੋੜ੍ਹੀ ਦੇਰ ਬਾਅਦ ਇਜ਼ਰਾਇਲੀ ਮੀਡੀਆ ਨੇ ਦੱਸਿਆ ਕਿ ਦੇਸ਼ ਦੀ ਸਿਆਸੀ ਅਗਵਾਈ ਨੇ ਫੌਜ ਨੂੰ ਗਾਜ਼ਾ ਵਿੱਚ ਹਮਲਾਵਰ ਗਤੀਵਿਧੀਆਂ ਨੂੰ ਘਟਾਉਣ ਦਾ ਨਿਰਦੇਸ਼ ਦਿੱਤਾ ਹੈ। -ਰਾਇਟਰਜ਼