Sidhu Moosewala Documentary ਮਾਨਸਾ ਦੀ ਅਦਾਲਤ ਨੇ ਬੀਬੀਸੀ ਤੋਂ 16 ਤੱਕ ਜਵਾਬ ਮੰਗਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੂਨ
ਬੀਬੀਸੀ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ’ਤੇ ਬਣਾਈ ਦਸਤਾਵੇਜ਼ੀ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਨੇ ਬੀਬੀਸੀ ਵਰਲਡ ਸਰਵਿਸ ਨੂੰ 16 ਜੂਨ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬੀਬੀਸੀ ਵਲੋਂ ਅੱਜ ਵੀਰਵਾਰ ਨੂੰ ਮਾਨਸਾ ਦੀ ਅਦਾਲਤ ’ਚ ਚੰਡੀਗੜ੍ਹ ਤੋਂ ਵਕੀਲ ਪੇਸ਼ ਹੋਏ ਸਨ, ਜਦੋਂਕਿ ਮੂਸੇਵਾਲਾ ਪਰਿਵਾਰ ਵਲੋਂ ਮਾਨਸਾ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਪੇਸ਼ ਹੋਏ ਸਨ।
ਜ਼ਿਕਰਯੋਗ ਹੈ ਕਿ ਬੀਬੀਸੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਇਕ ਦਸਤਾਵੇਜ਼ੀ ਤਿਆਰ ਕੀਤੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਮਾਨਸਾ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਪਰ ਬੀਬੀਸੀ ਨੇ ਮੂਸੇਵਾਲਾ ਦੇ ਜਨਮ ਦਿਨ ਮੌਕੇ ਬੁੱਧਵਾਰ (11 ਜੂਨ) ਨੂੰ ਇਹ ਦਸਤਾਵੇਜ਼ੀ ਰਿਲੀਜ਼ ਕਰ ਦਿੱਤੀ ਸੀ, ਜਿਸ ’ਤੇ ਪਰਿਵਾਰ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਉਨ੍ਹਾਂ ਕਿਹਾ ਕਿ ਬੀਬੀਸੀ ਨੇ ਆਪਣੇ ਮੁਨਾਫੇ ਲਈ ਆਪਣੀ ਹਿੰਡ ਪੁਗਾ ਕੇ ਇਤਰਾਜ਼ ਦੇ ਬਾਵਜੂਦ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ। ਮਾਨਸਾ ਦੀ ਅਦਾਲਤ ਨੇ ਬੀਬੀਸੀ ਨੂੰ 16 ਜੂਨ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ।