ਸ਼ੇਖ਼ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ
ਬੰਗਲਾਦੇਸ਼ ਦੀ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ (78) ਅਤੇ ਸਾਬਕਾ ਗ੍ਰਹਿ ਮੰਤਰੀ ਅਸਦਉਜ਼ਮਾਨ ਖ਼ਾਨ ਕਮਾਲ ਨੂੰ ‘ਮਾਨਵਤਾ ਖ਼ਿਲਾਫ਼ ਅਪਰਾਧਾਂ’ ਦਾ ਦੋਸ਼ੀ ਠਹਿਰਾਉਂਦਿਆਂ ਇਕ ਵਿਸ਼ੇਸ਼ ਟ੍ਰਿਬਿਊਨਲ ਨੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ’ਚ ਮੌਤ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਬੰਗਲਾਦੇਸ਼ ’ਚ ਸੰਸਦੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਇਆ ਹੈ। ਪਿਛਲੇ ਸਾਲ ਜੁਲਾਈ ’ਚ ਹਸੀਨਾ ਦੀ ਸਰਕਾਰ ਖ਼ਿਲਾਫ਼ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ੁਲਮ ਢਾਹੁਣ ਦੇ ਦੋਸ਼ ਲਾਏ ਗਏ ਹਨ।
ਕਈ ਮਹੀਨਿਆਂ ਤੱਕ ਚੱਲੇ ਮੁਕੱਦਮੇ ਮਗਰੋਂ ਆਪਣੇ ਫ਼ੈਸਲੇ ’ਚ ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਅਵਾਮੀ ਲੀਗ ਦੀ ਆਗੂ ਨੂੰ ਹਿੰਸਕ ਦਮਨ ਦਾ ਸਾਜ਼ਿਸ਼ਘਾੜਾ ਅਤੇ ਮੁੱਖ ਸੂਤਰਧਾਰ ਗਰਦਾਨਿਆ ਜਿਸ ’ਚ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਪਿਛਲੇ ਵਰ੍ਹੇ 5 ਅਗਸਤ ਨੂੰ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਮਗਰੋਂ ਸ਼ੇਖ਼ ਹਸੀਨਾ ਭੱਜ ਕੇ ਭਾਰਤ ਆ ਗਈ ਸੀ। ਆਪਣੇ ਪ੍ਰਤੀਕਰਮ ’ਚ ਸ਼ੇਖ਼ ਹਸੀਨਾ ਨੇ ਕਿਹਾ ਕਿ ਇਹ ਫ਼ੈਸਲਾ ‘ਗ਼ੈਰ-ਅਧਿਕਾਰਤ ਟ੍ਰਿਬਿਊਨਲ ਨੇ ਸੁਣਾਇਆ ਹੈ ਜਿਸ ਦਾ ਗਠਨ ਗ਼ੈਰ-ਚੁਣੀ ਹੋਈ ਸਰਕਾਰ’ ਨੇ ਕੀਤਾ, ਜਿਸ ਕੋਲ ਕੋਈ ਜਮਹੂਰੀ ਫਤਵਾ ਨਹੀਂ ਹੈ। ਉਨ੍ਹਾਂ ਕਿਹਾ, ‘‘ਉਹ ਪੱਖਪਾਤੀ ਅਤੇ ਸਿਆਸਤ ਤੋਂ ਪ੍ਰੇਰਿਤ ਹਨ। ਮੌਤ ਦੀ ਸਜ਼ਾ ਦੀ ਆਪਣੀ ਮੰਗ ’ਚ ਉਹ ਅੰਤਰਿਮ ਸਰਕਾਰ ਅੰਦਰ ਕੱਟੜਵਾਦੀ ਲੋਕਾਂ ਦੇ ਬੇਸ਼ਰਮ ਅਤੇ ਜਾਨਲੇਵਾ ਇਰਾਦਿਆਂ ਨੂੰ ਉਜਾਗਰ ਕਰਦੇ ਹਨ ਜੋ ਬੰਗਲਾਦੇਸ਼ ਦੀ ਆਖਰੀ ਚੁਣੀ ਹੋਈ ਪ੍ਰਧਾਨ ਮੰਤਰੀ ਨੂੰ ਹਟਾ ਕੇ ਅਵਾਮੀ ਲੀਗ ਨੂੰ ਸਿਆਸੀ ਤਾਕਤ ਵਜੋਂ ਖ਼ਤਮ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਅੰਤਰਿਮ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਦੋਸ਼ਾਂ ਨੂੰ ਹੇਗ ਸਥਿਤ ਕੌਮਾਂਤਰੀ ਅਪਰਾਧ ਅਦਾਲਤ ’ਚ ਪੇਸ਼ ਕਰਨ।
ਹਸੀਨਾ ਤੇ ਅਸਦ ਸਾਡੇ ਹਵਾਲੇ ਕਰੇ ਭਾਰਤ: ਬੰਗਲਾਦੇਸ਼
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੇਖ਼ ਹਸੀਨਾ ਅਤੇ ਅਸਦਉਜ਼ਮਾਨ ਖ਼ਾਨ ਕਮਾਲ ਨੂੰ ਉਨ੍ਹਾਂ ਹਵਾਲੇ ਕਰੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੁਵੱਲੇ ਹਵਾਲਗੀ ਸਮਝੌਤੇ ਤਹਿਤ ਦੋਵੇਂ ਦੋਸ਼ੀਆਂ ਨੂੰ ਬੰਗਲਾਦੇਸ਼ ਹਵਾਲੇ ਕਰਨਾ ਭਾਰਤ ਦੀ ਜ਼ਿੰਮੇਵਾਰੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਮਨੁੱਖਤਾ ਖ਼ਿਲਾਫ਼ ਅਪਰਾਧਾਂ ਦੇ ਦੋਸ਼ੀਆਂ ਨੂੰ ਪਨਾਹ ਦੇਣਾ ‘ਗ਼ੈਰ-ਦੋਸਤਾਨਾ’ ਕਾਰਵਾਈ ਸਮਝਿਆ ਜਾਵੇਗਾ।
ਬੰਗਲਾਦੇਸ਼ੀਆਂ ਦੇ ਹਿੱਤਾਂ ਪ੍ਰਤੀ ਭਾਰਤ ਨੇ ਵਚਨਬੱਧਤਾ ਦੁਹਰਾਈ
ਨਵੀਂ ਦਿੱਲੀ: ਸ਼ੇਖ਼ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਕੁਝ ਘੰਟਿਆਂ ਮਗਰੋਂ ਭਾਰਤ ਨੇ ਕਿਹਾ ਕਿ ਉਸ ਨੇ ਫ਼ੈਸਲੇ ’ਤੇ ਵਿਚਾਰ ਕੀਤਾ ਹੈ ਅਤੇ ਉਹ ਗੁਆਂਢੀ ਮੁਲਕ ’ਚ ਸ਼ਾਂਤੀ, ਲੋਕਤੰਤਰ ਅਤੇ ਸਥਿਰਤਾ ਨੂੰ ਧਿਆਨ ’ਚ ਰਖਦਿਆਂ ਸਾਰੇ ਹਿੱਤਧਾਰਕਾਂ ਨਾਲ ਸਾਰਥਕ ਤੌਰ ’ਤੇ ਗੱਲਬਾਤ ਕਰੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਲੋਕਾਂ ਦੇ ਬਿਹਤਰੀਨ ਹਿੱਤਾਂ ਲਈ ਵਚਨਬੱਧ ਹੈ। ਉਂਝ, ਉਸ ਨੇ ਇਸ ਮੁੱਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
