DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਸ਼ੀ ਥਰੂਰ ਨੇ ਸਵੀਕਾਰੀ ਪਾਕਿ ਨੂੰ ਬੇਨਕਾਬ ਕਰਨ ਦੀ ਜ਼ਿੰਮੇਵਾਰੀ

ਕਾਂਗਰਸ ਦੀ ਸੂਚੀ ਵਿਚ ਨਾਮ ਨਾ ਹੋਣ ਦੇ ਬਾਵਜੂਦ Operation Sindoor ਦੀ ਆਲਮੀ ਪ੍ਰਚਾਰ ਮੁਹਿੰਮ ਬਾਰੇ ਸਰਕਾਰ ਦਾ ਸੱਦਾ ਪ੍ਰਵਾਨ ਕੀਤਾ, ਸੁਪ੍ਰਿਆ ਸੂਲੇ ਨੇੇ ਵੀ ਹਾਮੀ ਭਰੀ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਅਦਿੱਤੀ ਟੰਡਨ

ਨਵੀਂ ਦਿੱਲੀ, 17 ਮਈ

Advertisement

Operation Sindoor ਮਗਰੋਂ ਕੂਟਨੀਤਕ ਮੁਹਿੰਮ ਵਜੋਂ ਆਲਮੀ ਮੰਚਾਂ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਤੇ ਪਾਕਿਸਤਾਨ ਵੱਲੋਂ ਅਤਿਵਾਦ ਦੀ ਪੁਸ਼ਤ ਪਨਾਹੀ ਤੋਂ ਪਰਦਾ ਚੁੱਕਣ ਦੇ ਇਰਾਦੇ ਨਾਲ ਅਗਲੇ ਹਫ਼ਤੇ ਤੋਂ ਵੱਖ ਵੱਖ ਮੁਲਕਾਂ ਲਈ ਸਰਬ ਪਾਰਟੀ ਵਫ਼ਦ ਭੇਜਣ ਦੇ ਸਰਕਾਰ ਦੇ ਫੈਸਲੇ ਮਗਰੋਂ ਸੰਸਦ ਮੈਂਬਰਾਂ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਵੱਲੋਂ ਭੇਜੀ ਗਈ ਸੂਚੀ ਵਿਚ ਨਾਮ ਨਾ ਹੋਣ ਦੇ ਬਾਵਜੂਦ ਸ਼ਸ਼ੀ ਥਰੂਰ ਨੇ ਸਰਕਾਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਤੇ ਸੱਤ ਵਫ਼ਦਾਂ ਵਿਚੋਂ ਇਕ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ ਹਨ। ਉਧਰ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਵੀ ਸੱਦਾ ਪ੍ਰਵਾਨ ਕਰ ਲਿਆ ਹੈ।

ਰਿਜਿਜੂ ਨੇ ਦੱਸਿਆ ਕਿ Operation Sindoor ਅਤੇ ਪਾਕਿਸਤਾਨ ਦੀ ਪੁਸ਼ਤ ਪਨਾਹੀ ਵਾਲੇ ਅਤਿਵਾਦ ਬਾਰੇ ਭਾਰਤ ਦੇ ਰੁਖ਼ ਨੂੰ ਸਮਝਾਉਣ ਲਈ ਸੱਤ ਸਰਬ ਪਾਰਟੀ ਵਫ਼ਦ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਖਾਸ ਕਰਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰ ਮੁਲਕਾਂ ਵਿਚ ਭੇਜੇ ਜਾਣਗੇ। ਇਹ ਵਫ਼ਦ ਭਾਰਤ ਦੀ ਅਤਿਵਾਦ ਪ੍ਰਤੀ ਸਿਰਫ਼ ਟਾਲਰੈਂਸ ਨੀਤੀ ਤੇ ਕੌਮੀ ਇਕਜੁੱਟਤਾ ਨੂੰ ਆਲਮੀ ਪੱਧਰ ’ਤੇ ਦਰਸਾਉਣਗੇ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਿਵੇਂ ਹੀ ਸਰਬ ਪਾਰਟੀ ਪ੍ਰਚਾਰ ਮੁਹਿੰਮ ਦੇ ਖਰੜੇ ਦਾ ਐਲਾਨ ਕੀਤਾ ਤਾਂ ਥਰੂਰ ਨੇ ਫੌਰੀ ਸਰਕਾਰ ਦੇ ਸੱਦੇ ਨੂੰ ਐਕਸ ’ਤੇ ਸਵੀਕਾਰ ਕਰਦਿਆਂ ਲਿਖਿਆ, ‘‘ਮੈਨੂੰ ਭਾਰਤ ਸਰਕਾਰ ਵੱਲੋਂ ਪੰਜ ਪ੍ਰਮੁੱਖ ਦੇਸ਼ਾਂ ਵਿਚ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨ ਦਾ ਸਨਮਾਨ ਮਿਲਿਆ ਹੈ, ਤਾਂ ਕਿ ਹਾਲੀਆ ਘਟਨਾਵਾਂ ’ਤੇ ਸਾਡੇ ਦੇੇਸ਼ ਦਾ ਪੱਖ ਰੱਖਿਆ ਜਾ ਸਕੇ। ਜਦੋਂ ਗੱਲ ਦੇਸ਼ ਹਿੱਤ ਦੀ ਹੋਵੇ ਤੇ ਮੇਰੀਆਂ ਸੇਵਾਵਾਂ ਦੀ ਲੋੜ ਹੋਵੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਜੈ ਹਿੰਦ!’’

ਕਾਂਗਰਸ ਵੱਲੋਂ ਚਾਰ ਨਾਵਾਂ ’ਚ ਥਰੂਰ ਦਾ ਨਾਮ ਨਹੀਂ ਸੀ

ਥਰੂਰ ਨੂੰ ਕਾਂਗਰਸ ਪਾਰਟੀ ਵੱਲੋਂ ਨਾਮਜ਼ਦ ਨਹੀਂ ਕੀਤਾ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ ਸੀ ਕਿ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਚਾਰ ਨਾਵਾਂ ਦੀ ਸੂਚੀ ਭੇਜੀ ਸੀ, ਜਿਸ ਵਿਚ ਆਨੰਦ ਸ਼ਰਮਾ, ਗੌਰਵ ਗੋਗੋਈ, ਸੱਯਦ ਨਾਸਿਰ ਹੁਸੈਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਮ ਸ਼ਾਮਲ ਸੀ।

ਪਹਿਲਾਂ ਕਿਹੜੇ ਨਾਮ ਵਿਚਾਰਧੀਨ ਸੀ?

ਸੂਤਰਾਂ ਅਨੁਸਾਰ ਸਰਕਾਰ ਤੇ ਕਾਂਗਰਸ ਦਰਮਿਆਨ ਹੋਈ ਗੱਲਬਾਤ ਤੋਂ ਪਹਿਲਾਂ ਥਰੂਰ, ਮਨੀਸ਼ ਤਿਵਾੜੀ, ਸਲਮਾਨ ਖੁਰਸ਼ੀਦ ਤੇ ਅਮਰ ਸਿੰਘ ਨੇ ਨਾਵਾਂ ’ਤੇ ਚਰਚਾ ਹੋਈ ਸੀ। ਮਨੀਸ਼ ਤਿਵਾੜੀ ਤੇ ਸਲਮਾਨ ਖੁਰਸ਼ੀਦ ਨੇ ਦੋ ਵਫ਼ਦਾਂ ਦੀ ਅਗਵਾਈ ਕਰਨੀ ਸੀ, ਪਰ ਕਾਂਗਰਸ ਨੇ ਅੰਤਿਮ ਸੂਚੀ ਵਿਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ।

ਜੈਰਾਮ ਰਮੇਸ਼ ਨੇ ਐਕਸ ’ਤੇ ਲਿਖਿਆ...

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਲਿਖਿਆ, ‘‘ਕੱਲ੍ਹ ਸਵੇਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨਾਲ ਗੱਲਬਾਤ ਕੀਤੀ ਸੀ। ਸਰਕਾਰ ਨੇ ਪਾਕਿਸਤਾਨ ਦੀ ਪੁਸ਼ਤ ਪਨਾਹੀ ਵਾਲੇ ਅਤਿਵਾਦ ਬਾਰੇ ਭਾਰਤ ਦੇ ਰੁਖ਼ ਨੂੰ ਸਮਝਾਉਣ ਲਈ ਵਿਦੇਸ਼ ਭੇਜੇ ਜਾਣ ਵਾਲੇ ਵਫ਼ਦਾਂ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਮੰਗੇ ਸੀ।’’

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਾਂਗਰਸ ਵੱਲੋਂ ਚਾਰ ਨਾਮ ਦਿੱਤੇ ਗਏ। ਰਮੇਸ਼ ਅਨੁਸਾਰ, ਰਾਹੁਲ ਗਾਂਧੀ ਨੇ ਵਫ਼ਦ ਲਈ ਆਨੰਦ ਸ਼ਰਮਾ, ਗੌਰਵ ਗੋਗੋਈ, ਸਈਦ ਨਾਸਿਰ ਹੁਸੈਨ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਮ ਲਏ ਹਨ।

ਇਨ੍ਹਾਂ ਸੱਤ ਆਗੂਆਂ ਨੂੰ ਸੌਂਂਪੀ ਗਈ ਹੈ ਵਫ਼ਦਾਂ ਦੀ ਜ਼ਿੰਮੇਵਾਰੀ

ਸ਼ਸ਼ੀ ਥਰੂਰ (ਕਾਂਗਰਸ)

ਰਵੀ ਸ਼ੰਕਰ ਪ੍ਰਸਾਦ (ਭਾਜਪਾ)

ਸੰਜੈ ਕੁਮਾਰ ਝਾਅ (ਜੇਡੀਯੂ)

ਬੈਜਯੰਤ ਪਾਂਡਾ (ਭਾਜਪਾ)

ਕਨੀਮੋੜੀ ਕਰੁਣਾਨਿਧੀ (ਡੀਐੱਮਕੇ)

ਸੁਪ੍ਰਿਆ ਸੂਲੇ (ਐੱਨਸੀਪੀ)

ਸ੍ਰੀਕਾਂਤ ਏਕਨਾਥ ਸ਼ਿੰਦੇ (ਸ਼ਿਵ ਸੈਨਾ)

ਕਾਂਗਰਸ ਵਿਚ ਹੋਣ ਤੇ ਕਾਂਗਰਸ ਦਾ ਹੋਣ ਵਿਚ ਫ਼ਰਕ: ਜੈਰਾਮ

ਨਵੀਂ ਦਿੱਲੀ(ਅਦਿੱਤੀ ਟੰਡਨ/ਉਬੀਰ ਨਕਸ਼ਬੰਦੀ): ਜੈਰਾਮ ਰਮੇਸ਼ ਨੇ ਕਿਹਾ, ‘‘ਜਦੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਾਨੂੰ ਸੱਦਿਆ ਸੀ ਤਾਂ ਉਦੋਂ ਸਾਨੂੰ ਇਹ ਨਹੀਂ ਪਤਾ ਸੀ ਕਿ ਸਰਕਾਰ ਨਾਮਜ਼ਦ ਮੈਂਬਰਾਂ ਦੀ ਆਪਣੀ ਹੀ ਸੂਚੀ ਜਾਰੀ ਕਰ ਦੇਵੇਗੀ। ਸਾਡੇ ਕੋਲੋਂ ਚਾਰ ਨਾਮ ਮੰਗੇ ਗਏ ਸਨ ਜੋ ਅਸੀਂ ਦੇ ਦਿੱਤੇ। ਇਨ੍ਹਾਂ ਨਾਵਾਂ ’ਚੋਂ ਬਾਹਰਲੇ ਨਾਮ ਐਲਾਨਣੇ ਸਰਾਸਰ ਬੇਈਮਾਨੀ ਤੇ ਧਿਆਨ ਭਟਕਾਉਣ ਵਾਲੀ ਹੈ।’ ਰਮੇਸ਼ ਨੇ ਕਿਹਾ ਕਿ ਪਾਰਟੀ ਆਪਣੇ ਵੱਲੋਂ ਦਿੱਤੇ ਨਾਵਾਂ ਨੂੰ ਨਹੀਂ ਬਦਲੇਗੀ। ਥਰੂਰ ਵੱਲੋਂ ਸੱਦਾ ਸਵੀਕਾਰ ਕੀਤੇ ਜਾਣ ਮਗਰੋਂ ਬਣੇ ਹਾਲਾਤ ਬਾਰੇ ਪੁੱਛੇ ਜਾਣ ’ਤੇ ਜੈਰਾਮ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਹੁਣ ਕੀ ਹੋਵੇਗਾ। ਇਹ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਫੈਸਲਾ ਕਰੇ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਧਰਮ ਦੀ ਪਾਲਣਾ ਕੀਤੀ। ਸਰਕਾਰ ਦੇ ਇਰਾਦੇ ਬੇਈਮਾਨ ਹਨ।’’ ਥਰੂਰ ਦੀ ਕਾਰਵਾਈ ਨੂੰ ਅਨੁਸ਼ਾਸਨਹੀਣਤਾ ਵਜੋਂ ਲੈਣ ਬਾਰੇ ਸਵਾਲ ਦੇ ਜਵਾਬ ਵਿਚ ਜੈਰਾਮ ਨੇ ਕਿਹਾ, ‘‘ਮੈਂ ਸਿਰਫ਼ ਇਹੀ ਕਹਾਂਗਾ ਕਿ ਕਾਂਗਰਸ ਵਿੱਚ ਹੋਣ ਅਤੇ ਕਾਂਗਰਸ ਦਾ ਹੋਣ ਵਿੱਚ ਫ਼ਰਕ ਹੈ।"

Advertisement
×