ਯੂਪੀ ਦੇ ਹਾਪੁੜ ’ਚ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦਾ ਸ਼ਾਰਪਸ਼ੂਟਰ ਹਲਾਕ
ਹਾਪੁੜ/ਲਖਨਊ, 29 ਮਈ
ਉੱਤਰ ਪ੍ਰਦੇਸ਼ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਤੇ ਦਿੱਲੀ ਪੁਲੀਸ ਦੀ ਸਾਂਝੀ ਟੀਮ ਨੇ ਹਾਪੁੜ ਕੋਤਵਾਲੀ ਇਲਾਕੇ ਵਿਚ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ਾਰਪਸ਼ੂਟਰ ਨੂੰ ਮਾਰ ਮੁਕਾਇਆ ਹੈ। ਸ਼ੂਟਰ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ ਹੈ, ਜੋ ਕਤਲ ਤੇ ਮਕੋਕਾ ਤਹਿਤ ਕਈ ਮਾਮਲਿਆਂ ਵਿਚ ਲੋੜੀਂਦਾ ਸੀ।
ਏਡੀਜੀਪੀ (STF) ਅਮਿਤਾਭ ਯਸ਼ ਨੇ ਬੁੱਧਵਾਰ ਰਾਤ ਨੂੰ ਇਕ ਬਿਆਨ ਵਿਚ ਕਿਹਾ ਕਿ ਹਾਪੁੜ ਕੋਤਵਾਲੀ ਇਲਾਕੇ ਵਿਚ ਐੱਸਟੀਐੱਫ ਨੋਇਡਾ ਇਕਾਈ ਤੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਸਾਂਝੀ ਟੀਮ ਤੇ ਅਪਰਾਧੀਆਂ ਵਿਚਾਲੇ ਮੁਕਾਬਲਾ ਹੋ ਗਿਆ, ਜਿਸ ਵਿਚ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਕੁਮਾਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਏਡੀਜੀਪੀ ਨੇ ਕਿਹਾ ਕਿ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ਦਾ ਵਸਨੀਕ ਕੁਮਾਰ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਸ਼ਾਰਪਸ਼ੂਟਰ ਸੀ, ਜਿਸ ਨੇ ਗਰੋਹ ਦੇ ਮੈਂਬਰ ਹਾਸ਼ਿਮ ਬਾਬਾ ਨਾਲ ਕੰਮ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਕੁਮਾਰ ਖਿਲਾਫ਼ ਕਤਲ, ਇਰਾਦਾ ਕਤਲ, ਅਗਵਾ, ਲੁੱਟ ਤੇ ਮਕੋਕਾ ਤਹਿਤ ਦਿੱਲੀ ਤੇ ਯੂਪੀ ਵਿਚ 20 ਤੋਂ ਵੱਧ ਕੇਸ ਦਰਜ ਹਨ।
ਕੁਮਾਰ ’ਤੇ ਪਹਿਲੀ ਵਾਰ 2008 ਵਿੱਚ ਦਿੱਲੀ ਦੇ ਸੀਮਾਪੁਰੀ ਪੁਲੀਸ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ 2009 ਵਿੱਚ, ਉਸ ਨੇ ਸਾਹਿਬਾਬਾਦ ਪੁਲੀਸ ਥਾਣਾ ਖੇਤਰ ਵਿੱਚ ਕਥਿਤ ਕਤਲ ਕੀਤਾ ਸੀ, ਅਤੇ 2010 ਵਿੱਚ ਉੱਤਰ ਪ੍ਰਦੇਸ਼ ਵਿੱਚ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ