Tropical storm causes 7 deaths in Philippines ਫਿਲਪੀਨਜ਼ ਵਿਚ ਬੀਤੀ ਰਾਤ ਤੂਫਾਨ ਨੇ ਕਹਿਰ ਮਚਾਇਆ ਜਿਸ ਕਾਰਨ ਉੱਤਰੀ ਅਤੇ ਮੱਧ ਫਿਲੀਪੀਨਜ਼ ਵਿੱਚ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ। ਇੱਥੇ ਹੜ੍ਹ ਵਾਲੇ ਹਾਲਾਤ ਬਣ ਗਏ ਅਤੇ ਜ਼ਮੀਨ ਖਿਸਕਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ।
ਇਸ ਤੂਫਾਨ ਨੂੰ ਫੇਂਗਸ਼ੇਨ ਦਾ ਨਾਂ ਦਿੱਤਾ ਗਿਆ ਹੈ ਜੋ ਐਤਵਾਰ ਦੇਰ ਰਾਤ ਲੂਜ਼ੋਨ ਦੇ ਮੁੱਖ ਉੱਤਰੀ ਫਿਲੀਪੀਨ ਖੇਤਰ ਵਿਚ ਆਇਆ ਤੇ ਇਸ ਨਾਲ ਦੱਖਣੀ ਚੀਨ ਸਾਗਰ ਦਾ ਖਿੱਤਾ ਪ੍ਰਭਾਵਿਤ ਹੋਇਆ। ਇੱਥੋਂ ਦੇ ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਇਸ ਸਮੇਂ 65 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਹਨ।
ਸਰਕਾਰ ਦੀ ਆਫ਼ਤ-ਨਿਵਾਰਣ ਏਜੰਸੀ ਨੇ ਸੱਤ ਮੌਤਾਂ ਦੀ ਪੁਸ਼ਟੀ ਕੀਤੀ ਹੈ। ਏਜੰਸੀ ਨੇ ਕਿਹਾ ਕਿ ਸੋਮਵਾਰ ਤੱਕ ਲਗਪਗ 14,000 ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ। ਕੈਪਿਜ਼ ਦੇ ਕੇਂਦਰੀ ਸੂਬੇ ਦੇ ਰੋਕਸਾਸ ਸਿਟੀ ਵਿੱਚ ਸ਼ਨਿਚਰਵਾਰ ਇੱਕ ਵਿਅਕਤੀ ਪਾਣੀ ਵਿਚ ਡੁੱਬ ਗਿਆ। ਸੂਬਾਈ ਪੁਲੀਸ ਮੁਖੀ ਰੋਮੂਲੋ ਅਲਬੇਸੀਆ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਸੂਬੇ ਕਿਊਜ਼ੋਨ ਦੇ ਪਿਟੋਗੋ ਕਸਬੇ ਵਿੱਚ ਇਕ ਝੌਂਪੜੀ ’ਤੇ ਵੱਡਾ ਦਰੱਖਤ ਆਣ ਡਿੱਗਿਆ ਜਿਸ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਦੀ ਇਕ ਹੋਰ ਏਜੰਸੀ ਗਲੇਜ਼ਾ ਐਸਕੂਲਰ ਨੇ ਕਿਹਾ ਕਿ ਇਸ ਤੂਫਾਨ ਦਾ ਅਸਰ ਦੱਖਣੀ ਚੀਨ ਸਾਗਰ ਦੇ ਪਾਰ ਵੀਅਤਨਾਮ ਵੱਲ ਦੇਖਣ ਨੂੰ ਵੀ ਮਿਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੀ ਹੈ। ਏਪੀ