ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਰਵਾਸੀਆਂ ਲਈ ਮੁਲਕ ਦੀ ਨਾਗਰਿਕਤਾ ਲੈਣ ਨਾਲ ਸਬੰਧਤ 10 ਲੱਖ ਡਾਲਰ ਦੀ ਗੋਲਡ ਕਾਰਡ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਮਗਰੋਂ ਆਪਣੇ ਗ੍ਰਹਿ ਮੁਲਕ ਭੇਜਣਾ ਸ਼ਰਮਨਾਕ ਹੈ। ਟਰੰਪ ਗੋਲਡ ਕਾਰਡ ਯੋਜਨਾ ਇਕ ਤਰ੍ਹਾਂ ਦਾ ਵੀਜ਼ਾ ਪ੍ਰੋਗਰਾਮ ਹੈ ਜੋ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਪੱਧਰਾ ਕਰੇਗਾ। ਇਸ ਗੋਲਡ ਕਾਰਡ ਯੋਜਨਾ ਨਾਲ ਅਮਰੀਕਾ ਨੂੰ ਅਰਬਾਂ ਡਾਲਰ ਮਿਲਣਗੇ। ਵ੍ਹਾਈਟ ਹਾਊਸ ’ਚ ਮੀਟਿੰਗ ਦੌਰਾਨ ਸ੍ਰੀ ਟਰੰਪ ਨੇ ਕਿਹਾ, ‘‘ਕਿਸੇ ਵਿਅਕਤੀ ਦਾ ਸਾਡੇ ਮੁਲਕ ’ਚ ਆਉਣਾ ਤੋਹਫ਼ੇ ਦੇ ਬਰਾਬਰ ਹੈ; ਸਾਨੂੰ ਜਾਪਦਾ ਹੈ ਕਿ ਇਹ ਅਜਿਹੇ ਕੁਝ ਨਿਵੇਕਲੇ ਵਿਅਕਤੀ ਹਨ ਜਿਨ੍ਹਾਂ ਨੂੰ ਇਥੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਲਜ ਤੋਂ ਗ੍ਰੈਜੂਏਟ ਹੋਣ ਮਗਰੋਂ ਤੁਹਾਨੂੰ ਭਾਰਤ, ਚੀਨ ਜਾਂ ਫਰਾਂਸ ਵਾਪਸ ਜਾਣਾ ਪੈਂਦਾ ਹੈ। ਇਥੇ ਰੁਕਣਾ ਬਹੁਤ ਮੁਸ਼ਕਲ ਹੈ। ਇਹ ਸ਼ਰਮਨਾਕ ਹੈ।’’ ਇਸ ਮੌਕੇ ਉਨ੍ਹਾਂ ਨਾਲ ਆਈ ਬੀ ਐੱਮ ਦੇ ਭਾਰਤ-ਅਮਰੀਕੀ ਸੀ ਈ ਓ ਅਰਵਿੰਦ ਕ੍ਰਿਸ਼ਨਾ ਅਤੇ ਡੈੱਲ ਟੈਕਨੋਲੌਜੀਸ ਦੇ ਸੀ ਈ ਓ ਮਾਈਕਲ ਡੈੱਲ ਵੀ ਮੌਜੂਦ ਸਨ।
ਭਾਰਤ-ਅਮਰੀਕਾ ਵਿਚਾਲੇ ਸਿਹਤ ਖੇਤਰ ’ਚ ਵੱਡੇ ਮੌਕੇ: ਡਾ. ਤ੍ਰੇਹਨ
ਨਿਊਯਾਰਕ: ਦਿਲ ਦੇ ਰੋਗਾਂ ਦੇ ਉੱਘੇ ਮਾਹਿਰ ਡਾਕਟਰ ਨਰੇਸ਼ ਤ੍ਰੇਹਨ ਨੇ ਕਿਹਾ ਕਿ ਮਸਨੂਈ ਬੌਧਿਕਤਾ (ਏ ਆਈ) ਤੇ ਤਕਨਾਲੋਜੀ, ਡਰੱਗ ਵਿਕਾਸ ਅਤੇ ਮੈਡੀਕਲ ਹਾਰਡਵੇਅਰ ਜਿਹੇ ਵੱਖ ਵੱਖ ਸਿਹਤ ਸੇਵਾ ਖੇਤਰਾਂ ’ਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਭਾਰਤ ਦੇ ਕੌਂਸੁਲੇਟ ਜਨਰਲ ਵੱਲੋਂ ਕਰਵਾਏ ਗਏ ਸਮਾਗਮ ’ਚ ਹਿੱਸਾ ਲੈਂਦਿਆਂ ਮੇਦਾਂਤਾ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਡਾਕਟਰ ਤ੍ਰੇਹਨ ਨੇ ਕਿਹਾ ਕਿ ਏ ਆਈ ਦੇ ਮਾਮਲੇ ’ਚ ਭਾਰਤ ਨੇ ਹਾਲੇ ਤਰੱਕੀ ਕਰਨੀ ਹੈ ਅਤੇ ਉਹ ਅਮਰੀਕਾ ਤੋਂ ਸਹਿਯੋਗ ਲੈ ਸਕਦਾ ਹੈ।

