ਐੱਸਸੀਓ ਨੂੰ ਸੁਰੱਖਿਆ ਖ਼ਤਰਿਆਂ ਦੇ ਟਾਕਰੇ ਲਈ ਪ੍ਰਬੰਧ ’ਚ ਸੁਧਾਰ ਕਰਨਾ ਚਾਹੀਦੈ: ਜਿਨਪਿੰਗ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੂੰ ਕਿਹਾ ਕਿ ਸੰਗਠਨ ਨੂੰ ਸੁਰੱਖਿਆ ਖ਼ਤਰਿਆਂ ਤੇ ਚੁਣੌਤੀਆਂ ਦੇ ਟਾਕਰੇ ਲਈ ਪ੍ਰਬੰਧ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਤੇ ਇੱਕ ਮਜ਼ਬੂਤ ਸੁਰੱਖਿਆ ਢਾਲ ਤਿਆਰ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ 10 ਮੈਂਬਰੀ ਐੱਸਸੀਓ ਦੇ ਉਨ੍ਹਾਂ ਵਿਦੇਸ਼ ਮੰਤਰੀਆਂ ਤੇ ਸਥਾਈ ਸੰਸਥਾਵਾਂ ਦੇ ਮੁਖੀਆਂ ’ਚ ਸ਼ਾਮਲ ਸਨ, ਜਿਨ੍ਹਾਂ ਨਾਲ ਜਿਨਪਿੰਗ ਨੇ ਤਿਆਨਜਿਨ ’ਚ ਉਨ੍ਹਾਂ ਦੀ ਮੀਟਿੰਗ ਤੋਂ ਪਹਿਲਾਂ ਇੱਥੇ ਮੁਲਾਕਾਤ ਕੀਤੀ। ਮੀਟਿੰਗ ਸਬੰਧੀ ਜਾਰੀ ਅਧਿਕਾਰਤ ਬਿਆਨ ’ਚ ਜਿਨਪਿੰਗ ਦੇ ਹਵਾਲੇ ਨਾਲ ਕਿਹਾ ਗਿਆ ਕਿ ਸੰਗਠਨ ਨੂੰ ਸ਼ਾਂਤੀ ਅਤੇ ਸਥਿਰਤਾ ਲਈ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਸ਼ੰਘਾਈ ਸਹਿਯੋਗ ਸੰਗਠਨ ’ਚ 10 ਮੈਂਬਰ ਚੀਨ, ਰੂਸ, ਭਾਰਤ, ਈਰਾਨ, ਕਜ਼ਾਖਸਤਾਨ, ਕਿਰਗਿਜ਼ਤਾਨ, ਪਾਕਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ ਤੇ ਬੇਲਾਰੂਸ ਹਨ। ਰਾਸ਼ਟਰਪਤੀ ਜਿਨਪਿੰਗ ਨੇ ਕਿਹਾ ਕਿ ਅਸ਼ਾਂਤ ਤੇ ਬਦਲਦੇ ਕੌਮਾਂਤਰੀ ਦ੍ਰਿਸ਼ ਦੇ ਮੱਦੇਨਜ਼ਰ, ਐੱਸਸੀਓ ਨੂੰ ਕੇਂਦਰਿਤ ਤੇ ਭਰੋਸੇ ’ਚ ਰਹਿਣਾ ਚਾਹੀਦਾ ਹੈ, ਕੁਸ਼ਲਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਦੁਨੀਆ ’ਚ ਵਧੇਰੇ ਸਥਿਰਤਾ ਤੇ ਸਕਾਰਾਤਮਕ ਊਰਜਾ ਲਿਆਉਣ ’ਚ ਹੋਰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਨਪਿੰਗ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਆਪਣੀ ‘ਗੁਆਂਢ ਕੂਟਨੀਤੀ’ ਵਿੱਚ ਐੱਸਸੀਓ ਨੂੰ ਤਰਜੀਹ ਦਿੱਤੀ ਹੈ ਤੇ ਉੁਹ ਸੰਗਠਨ ਨੂੰ ਵਧੇਰੇ ਠੋਸ ਅਤੇ ਮਜ਼ਬੂਤ ਬਣਾਉਣ, ਖੇਤਰੀ ਸੁਰੱਖਿਆ ਅਤੇ ਸਥਿਰਤਾ ਦੀ ਰੱਖਿਆ ਕਰਨ ਲਈ ਵਚਨਬੱਧ ਹਨ। -ਪੀਟੀਆਈ