DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

SAD warns leaders against indiscipline ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ: ਭੂੰਦੜ

ਪਾਰਟੀ ਦੀ ਸੰਸਦੀ ਕਮੇਟੀ ਦੀ ਬੈਠਕ ਵਿਚ ਰਣੀਕੇ, ਸੇਖੋਂ, ਗਰੇਵਾਲ, ਗਾਬੜੀਆ ਤੇ ਚੀਮਾ ਹੋਏ ਸ਼ਾਮਲ; ਐੱਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਖਿਲਾਫ਼ ਬੋਲਣ ਵਾਲਿਆਂ ਨੂੰ ਜਾਰੀ ਹੋਣਗੇ ‘ਕਾਰਨ ਦੱਸੋ’ ਨੋਟਿਸ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 10 ਮਾਰਚ

Advertisement

ਅਕਾਲ ਤਖ਼ਤ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਫਾਰਗ ਕਰਨ ਤੇੇ ਉਨ੍ਹਾਂ ਦੀ ਥਾਂ ਨਵੇਂ ਜਥੇਦਾਰ ਲਾਉਣ ਮਗਰੋਂ ਸ਼੍ਰੋਮਣੀ ਅਕਾਲ ਦਲ ਨੂੰ ਦਰਪੇਸ਼ ਪੰਥਕ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਨੂੰ ‘ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ।’

ਭੂੰਦੜ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਪਾਰਟੀ ਦੇ ਕਈ ਸੀਨੀਅਰ ਆਗੂਆਂ ਤੇ ਸਾਬਕਾ ਮੰਤਰੀਆਂ ਜਿਨ੍ਹਾਂ ਵਿਚ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਦੋ ਜਥੇਦਾਰਾਂ ਨੂੰ ਅਹੁਦੇ ਤੋਂ ਫ਼ਾਰਗ ਕੀਤੇ ਜਾਣ ਦੇ 7 ਮਾਰਚ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ।

ਭੂੰਦੜ ਨੇ ਭਾਵੇਂ ਸਿੱਧੇ ਤੌਰ ’ਤੇ ਕਿਸੇ ਆਗੂ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਵਿਚ ਸ਼ਮੂਲੀਅਤ ਮਗਰੋਂ ਕਿਹਾ, ‘‘ਕੋਈ ਵੀ ਪਾਰਟੀ ਤੋਂ ਉੱਤੇ ਨਹੀਂ ਹੈ। ਹਰੇਕ ਨੂੰ ਪਾਰਟੀ ਦੇ ਮੰਚ ਤੋਂ ਆਪਣੀ ਗੱਲ ਰੱਖਣ ਦੀ ਖੁੱਲ੍ਹ ਹੈ, ਪਰ ਕਿਸੇ ਨੂੰ ਵੀ ਪਾਰਟੀ ਦਾ ਅਨੁਸ਼ਾਸਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਾਰਟੀ ਵਿਰੋਧੀ ਅਜਿਹੇ ਸਾਰੇ ਬਿਆਨ ਤੇ ਵੀਡੀਓਜ਼ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੂੰ ਰੈਫ਼ਰ ਕੀਤੇ ਜਾਣਗੇ। ਐੱਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਖਿਲਾਫ਼ ਬੋਲਣ ਵਾਲਿਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾਣਗੇੇ। ਉਨ੍ਹਾਂ ਦੇ ਜਵਾਬ ਮਿਲਣ ਮਗਰੋਂ ਗੁਣ ਦੋਸ਼ਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।’’ ਬੈਠਕ ਵਿਚ ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਤੇ ਦਲਜੀਤ ਸਿੰਘ ਚੀਮਾ ਸ਼ਾਮਲ ਸਨ।

ਇਸ ਤੋਂ ਪਹਿਲਾਂ ਭੂੰਦੜ ਨੇ ਲੰਘੇ ਦਿਨੀਂ ਕਿਹਾ ਸੀ ਕਿ ਮਜੀਠੀਆ ਦਾ ਬਿਆਨ ਬਾਦਲ ਪਰਿਵਾਰ ਖਾਸ ਕਰਕੇ ਸੁਖਬੀਰ ਦੀ ਪਿੱਠ ਵਿਚ ਛੁਰਾ ਮਾਰਨ ਵਾਂਗ ਹੈ, ਜਿਨ੍ਹਾਂ ਬੁਰੇ ਸਮੇਂ (ਮਜੀਠੀਆ ਖਿਲਾਫ਼ ਦਰਜ ਡਰੱਗ ਕੇਸ) ਵਿਚ ਮਜੀਠੀਆ ਦਾ ਸਾਥ ਦਿੱਤਾ। ਉਧਰ ਸੁਖਬੀਰ ਨੇ ਅਜੇ ਤੱਕ ਮਜੀਠੀਆ ਦੇ ਬਿਆਨ ਨੂੰ ਲੈ ਕੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਦੋਵਾਂ ਜਥੇਦਾਰਾਂ ਨੂੰ ਫਾਰਗ ਕੀਤੇ ਜਾਣ ਨੂੰ ਲੈ ਕੇ ਸੁਖਬੀਰ ਖੇਮੇ ਵਿਚ ਬਗਾਵਤ ਤੇਜ਼ ਹੋ ਰਹੀ ਸੀ। ਕਈ ਸੀਨੀਅਰ ਆਗੂਆਂ ਅਤੇ ਸਾਬਕਾ ਮੰਤਰੀਆਂ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਫੈਸਲੇ ਦੀ ਨਿੰਦਾ ਕੀਤੀ। ਪੰਜਾਬ ਅਤੇ ਹਰਿਆਣਾ ਵਿੱਚ ਪਾਰਟੀ ਦੀਆਂ ਜ਼ਿਲ੍ਹਾ ਇਕਾਈਆਂ ਦੇ ਕੁਝ ਆਗੂਆਂ ਨੇ ਵਿਰੋਧ ਵਿੱਚ ਅਸਤੀਫ਼ੇ ਵੀ ਦਿੱਤੇ।

ਸਿਆਸੀ ਸਮੀਖਿਅਕਾਂ ਦਾ ਮੰਨਣਾ ਹੈ ਕਿ ਪਾਰਟੀ ਵਿੱਚ ਹੋਂਦ ਦੇ ਸੰਕਟ ਦਰਮਿਆਨ ਸੁਖਬੀਰ ਨੂੰ ਸ਼੍ਰੋਮਣੀ ਕਮੇਟੀ ਉੱਤੇ ਕੰਟਰੋਲ ਬਣਾਈ ਰੱਖਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਮਗਰੋਂ ਸ਼੍ਰੋਮਣੀ ਕਮੇਟੀ ਬਿਨਾਂ ਪ੍ਰਧਾਨ ਦੇ ਚੱਲ ਰਹੀ ਹੈ। ਭੂੰਦੜ ਦੀ ਚੇਤਾਵਨੀ ਦੇ ਬਾਵਜੂਦ, ਫਤਿਹਗੜ੍ਹ ਸਾਹਿਬ ਅਤੇ ਖਰੜ ਸਮੇਤ ਪਾਰਟੀ ਦੀਆਂ ਜ਼ਿਲ੍ਹਾ ਇਕਾਈਆਂ ਦੇ ਆਗੂਆਂ ਨੇ ਅੱਜ ਦੋਵਾਂ ਜਥੇਦਾਰਾਂ ਨੂੰ ਹਟਾਉਣ ਵਿਰੁੱਧ ਬਗਾਵਤ ਕਰ ਦਿੱਤੀ।

Advertisement
×