ਰੂਸੀ ਫੌਜਾਂ ਨੇ ਯੂਕਰੇਨ ਦੇ ਦੋ ਸ਼ਹਿਰਾਂ ਨੂੰ ਘੇਰਿਆ: ਪੂਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਰੂਸੀ ਫੌਜੀਆਂ ਨੇ ਯੂਕਰੇਨ ਦੇ ਦੋ ਪ੍ਰਮੁੱਖ ਸ਼ਹਿਰਾਂ ਵਿਚ ਯੂਕਰੇਨੀ ਸਲਾਮਤੀ ਦਸਤਿਆਂ ਨੂੰ ਘੇਰ ਲਿਆ ਹੈ ਤੇ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਹੈ। ਉਧਰ ਯੂਕਰੇਨ ਦੇ ਫੌਜੀ ਅਧਿਕਾਰੀਆਂ ਨੇ ਪੂਤਿਨ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ। ਪੂਤਿਨ ਨੇ ਮਾਸਕੋ ਵਿਚ ਇਕ ਫੌਜੀ ਹਸਪਤਾਲ ਵਿਚ ਜ਼ਖ਼ਮੀ ਫੌਜੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸੀ ਫੌਜੀ ਯੂਕਰੇਨ ਤੇ ਪੱਛਮੀ ਮੁਲਕਾਂ ਵਿਚ ਪੱਤਰਕਾਰਾਂ ਲਈ ਸੁਰੱਖਿਅਤ ਗਲਿਆਰਾ ਖੋਲ੍ਹਣ ਲਈ ਤਿਆਰ ਹੈ ਤਾਂ ਕਿ ‘‘ਉਹ ਆਪਣੀ ਅੱਖੀਂ ਦੇਖ ਸਕਣ ਕਿ ਕੀ ਹੋ ਰਿਹਾ ਹੈ।’’
ਰੂਸੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਪਹਿਲਾਂ ਦੋਨੇਤਸਕ ਖੇਤਰ ਵਿੱਚ ਯੂਕਰੇਨ ਦੇ ਇੱਕ ਪ੍ਰਮੁੱਖ ਗੜ੍ਹ ਪੋਕ੍ਰੋਵਸਕ ਅਤੇ ਉੱਤਰ-ਖਾਰਕੀਵ ਖੇਤਰ ਦੇ ਇੱਕ ਮਹੱਤਵਪੂਰਨ ਰੇਲ ਜੰਕਸ਼ਨ ਕੁਪਿਆਂਸਕ ਵਿੱਚ ਯੂਕਰੇਨੀ ਫੌਜੀਆਂ ਨੂੰ ਘੇਰ ਲਿਆ ਹੈ। ਪੂਤਿਨ ਦੇ ਇਸ ਦਾਅਵੇ ਤੋਂ ਉਲਟ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਕਿਹਾ ਕਿ ਕੁਪਿਆਂਸਕ ਨੂੰ ਘੇਰਨ ਦੇ ਦਾਅਵਾ ‘ਮਨਘੜਤ ਅਤੇ ਕਾਲਪਨਿਕ’ ਹੈ।
ਯੂਕਰੇਨ ਦੀ ਪੂਰਬੀ ਸੈਨਾ ਦੇ ਬੁਲਾਰੇ ਹਰੀਹੋਰੀ ਸ਼ਾਪੋਵਾਲ ਨੇ ‘ਐਸੋਸੀਏਟ ਪ੍ਰੈਸ’ ਨੂੰ ਦੱਸਿਆ ਕਿ ਪੋਕ੍ਰੋਵਸਕ ਵਿੱਚ ਹਾਲਾਤ ਮੁਸ਼ਕਲ ਪਰ ਕਾਬੂ ਹੇਠ ਹਨ। ਪੋਕ੍ਰੋਵਸਕ ਦੀ ਰੱਖਿਆ ਕਰ ਰਹੀ ਯੂਕਰੇਨੀ ਫੌਜ ਦੀ ‘7ਵੀਂ ਰੈਪਿਡ ਰਿਐਕਸ਼ਨ ਕੋਰ’ ਨੇ ਕਿਹਾ ਕਿ ਰੂਸ ਨੇ ਸ਼ਹਿਰ ਨੂੰ ਘੇਰਨ ਲਈ ਲਗਪਗ 11,000 ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਸ ਨੇ ਸਵੀਕਾਰ ਕੀਤਾ ਕਿ ਕੁਝ ਰੂਸੀ ਫੌਜੀ ਪੋਕ੍ਰੋਵਸਕ ਵਿੱਚ ਘੁਸਪੈਠ ਕਰਨ ਵਿੱਚ ਸਫ਼ਲ ਰਹੇ ਹਨ।
