RUSSIA-UKRAINE WAR: ਰੂਸ ਨਾਲ ਜੰਗ ’ਤੇ ਟਰੰਪ ਅਤੇ ਯੂਰਪੀ ਆਗੂਆਂ ਨਾਲ ਗੱਲਬਾਤ ਲਈ 'ਵ੍ਹਾਈਟ ਹਾਊਸ' ਪਹੁੰਚੇ ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਮੁੱਖ ਯੂਰਪੀ ਆਗੂਆਂ ਨਾਲ ਗੱਲਬਾਤ ਲਈ ‘ਵ੍ਹਾਈਟ ਹਾਊਸ’ ਪਹੁੰਚੇ ਹਨ।
ਅਮਰੀਕੀ ਆਗੂ ਰੂਸ-ਯੂਕਰੇਨ ਜੰਗ ਨੂੰ ਜਲਦੀ ਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਹੁਣ ਇਹ ਜ਼ੇਲੇਂਸਕੀ ’ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਰਿਆਇਤਾਂ ’ਤੇ ਸਹਿਮਤ ਹੋਣ ਜੋ ਜੰਗ ਨੂੰ ਖਤਮ ਕਰ ਸਕਦੀਆਂ ਹਨ।
ਇਸ ਦੇ ਮੱਦੇਨਜ਼ਰ ਇਹ ਮੀਟਿੰਗ ਸੋਮਵਾਰ ਨੂੰ ਜਲਦਬਾਜ਼ੀ ਵਿੱਚ ਬੁਲਾਈ ਗਈ ਸੀ। ਜ਼ੇਲੇਂਸਕੀ ਨੇ ਸੰਕੇਤ ਦਿੱਤਾ ਕਿ ਉਹ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਲਈ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ-ਪੱਖੀ ਮੀਟਿੰਗ ਕਰਨ ਲਈ ਤਿਆਰ ਹਨ।
ਟਰੰਪ ਜ਼ੇਲੇਂਸਕੀ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਦੋਵੇਂ ਨੇਤਾ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਜਰਮਨ ਚਾਂਸਲਰ ਫ੍ਰੈਡਰਿਕ ਮਰਜ਼, ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਅਤੇ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਮੁਲਾਕਾਤ ਕਰਨਗੇ।