DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਚ ਪੱਧਰੀ ਮੀਟਿੰਗ ਤੋਂ ਪਹਿਲਾਂ ਰੂਸ ਵੱਲੋਂ ਕੀਵ ’ਤੇ ਭਿਆਨਕ ਹਮਲਾ

ਹਮਲੇ ’ਚ ਦੋ ਵਿਅਕਤੀਆਂ ਦੀ ਮੌਤ, 15 ਜ਼ਖ਼ਮੀ
  • fb
  • twitter
  • whatsapp
  • whatsapp
featured-img featured-img
ਕੀਵ ’ਤੇ ਰੂਸੀ ਹਮਲੇ ’ਚ ਨੁਕਸਾਨੀ ਇਮਾਰਤ ਕੋਲ ਖੜ੍ਹੇ ਯੂਕਰੇਨੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ। -ਫੋਟੋ: ਰਾਇਟਰਜ਼
Advertisement

ਰੂਸ ਨੇ ਯੂਕਰੇਨ ’ਤੇ ਭਿਆਨਕ ਹਵਾਈ ਹਮਲਾ ਕੀਤਾ ਹੈ ਜੋ ਹਾਲ ਹੀ ਦੇ ਮਹੀਨਿਆਂ ’ਚ ਕੀਤੇ ਗਏ ਸਭ ਤੋਂ ਵੱਡੇ ਹਵਾਈ ਹਮਲਿਆਂ ’ਚੋਂ ਇੱਕ ਹੈ। ਇਹ ਹਮਲਾ ਬਰਤਾਨੀਆ ਤੇ ਜਰਮਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਟੋ ਸਹਿਯੋਗੀਆਂ ਵੱਲੋਂ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਨ ਦੀ ਯੋਜਨਾ ’ਤੇ ਚਰਚਾ ਲਈ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਕੁਝ ਹੀ ਘੰਟੇ ਪਹਿਲਾਂ ਹੋਇਆ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਹਮਲੇ ’ਚ ਦੋ ਵਿਅਕਤੀ ਮਾਰੇ ਗਏ ਹਨ ਤੇ 15 ਹੋਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ’ਚ ਇੱਕ 12 ਸਾਲਾ ਬੱਚਾ ਵੀ ਸ਼ਾਮਲ ਹੈ। ਕੀਵ ’ਤੇ ਸਾਰੀ ਰਾਤ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ਨੇ ਯੂਕਰੇਨ ਲਈ ਵਿਸ਼ੇਸ਼ ਤੌਰ ’ਤੇ ਹਵਾਈ ਰੱਖਿਆ ’ਚ ਹੋਰ ਜ਼ਿਆਦਾ ਪੱਛਮੀ ਫੌਜੀ ਮਦਦ ਦੀ ਲੋੜ ਨੂੰ ਉਭਾਰਿਆ ਹੈ। ਉਂਝ ਇੱਕ ਹਫ਼ਤਾ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਯੂਕਰੇਨ ’ਚ ਕੁਝ ਹੀ ਦਿਨਾਂ ਅੰਦਰ ਮਦਦ ਪਹੁੰਚ ਜਾਵੇਗੀ।

Advertisement

ਇਸ ਡਿਜੀਟਲ ਮੀਟਿੰਗ ਦੀ ਅਗਵਾਈ ਬਰਤਾਨਵੀ ਰੱਖਿਆ ਮੰਤਰੀ ਜੌਹਨ ਹੀਲੀ ਤੇ ਉਨ੍ਹਾਂ ਦੇ ਜਰਮਨੀ ਦੇ ਹਮਰੁਤਬਾ ਬੋਰਿਸ ਪਿਸਟੋਰੀਅਸ ਕਰਨਗੇ। ਹੀਲੀ ਨੇ ਦੱਸਿਆ ਕਿ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਤੇ ਨਾਟੋ ਆਗੂ ਮਾਰਕ ਰੱਟ ਅਤੇ ਨਾਲ ਹੀ ਨਾਟੋ ਦੇ ਯੂਰਪ ਦੇ ਸਰਵਉੱਚ ਸਹਿਯੋਗੀ ਕਮਾਂਡਰ ਜਨਰਲ ਐਲੇਕਸਸ ਗ੍ਰਿੰਕਵਿਚ ਇਸ ਯੂਕਰੇਨ ਰੱਖਿਆ ਸੰਪਰਕ ਸਮੂਹ ਦੀ ਮੀਟਿੰਗ ’ਚ ਸ਼ਾਮਲ ਹੋਣਗੇ।

ਰੂਸ ਨੇ ਯੂਕਰੇਨੀ ਸ਼ਹਿਰਾਂ ’ਤੇ ਆਪਣੇ ਲੰਮੀ ਦੂਰੀ ਦੇ ਹਮਲੇ ਤੇਜ਼ ਕਰ ਦਿੱਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਰੂਸੀ ਡਰੋਨ ਉਤਪਾਦਨ ਵਧਣ ਦੇ ਨਾਲ ਹੀ ਇਹ ਹਮਲੇ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ। ਰੂਸ ਪ੍ਰਤੀ ਆਪਣੇ ਰੁਖ਼ ’ਚ ਤਬਦੀਲੀ ਲਿਆਉਂਦਿਆਂ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਮਾਸਕੋ ਨੂੰ ਜੰਗਬੰਦੀ ਲਈ ਸਹਿਮਤ ਹੋਣ ਜਾਂ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨ ਲਈ 50 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ।

Advertisement
×