ਰੂਸ ਵੱਲੋਂ ਯੂਕਰੇਨ ’ਤੇ ਹਮਲਾ; ਚਾਰ ਦੀ ਮੌਤ ;16 ਜ਼ਖ਼ਮੀ
ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ’ਚ ਚਾਰ ਯੂਕਰੇਨੀ ਮਾਰੇ ਗਏ ਅਤੇ 16 ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੀ ਰਾਜਧਾਨੀ ਕੀਵ ’ਚ ਸ਼ਨਿਚਰਵਾਰ ਤੜਕੇ ਬੈਲਿਸਟਿਕ ਮਿਜ਼ਾਈਲ ਹਮਲੇ ’ਚ ਦੋ ਲੋਕ ਹਲਾਕ ਅਤੇ 9 ਹੋਰ ਜ਼ਖ਼ਮੀ ਹੋ ਗਏ। ਇਕ ਥਾਂ ’ਤੇ ਗ਼ੈਰ-ਰਿਹਾਇਸ਼ੀ ਇਮਾਰਤ ’ਚ ਅੱਗ ਲੱਗ ਗਈ; ਇਕ ਮਿਜ਼ਾਈਲ ਨੂੰ ਹਵਾ ’ਚ ਫੁੰਡਣ ਮਗਰੋਂ ਉਸ ਦਾ ਮਲਬਾ ਦੂਜੀ ਥਾਂ ’ਤੇ ਡਿੱਗਿਆ, ਜਿਸ ਕਾਰਨ ਨੇੜਲੀਆਂ ਇਮਾਰਤਾਂ ਦੀਆਂ ਬਾਰੀਆਂ ਨੂੰ ਨੁਕਸਾਨ ਪਹੁੰਚਿਆ।
ਇਸੇ ਤਰ੍ਹਾਂ ਦਿਨਪ੍ਰੋਪੇਤਰੋਵਸਕ ਖ਼ਿੱਤੇ ’ਚ ਹਮਲੇ ਦੌਰਾਨ ਦੋ ਜਣੇ ਮਾਰੇ ਗਏ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਹਮਲਿਆਂ ’ਚ ਅਪਾਰਟਮੈਂਟ, ਕਈ ਘਰ, ਇਕ ਦੁਕਾਨ ਅਤੇ ਵਾਹਨ ਨੁਕਸਾਨੇ ਗਏ। ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ 9 ਮਿਜ਼ਾਈਲਾਂ ਅਤੇ 62 ਡਰੋਨ ਦਾਗ਼ੇ ਸਨ ਜਿਨ੍ਹਾਂ ’ਚੋਂ ਚਾਰ ਮਿਜ਼ਾਈਲਾਂ ਅਤੇ 50 ਡਰੋਨਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਦੀਆਂ ਦੋ ਤੇਲ ਕੰਪਨੀਆਂ ਦੀ ਥਾਂ ’ਤੇ ਪੂਰੇ ਸੈਕਟਰ ’ਤੇ ਹੀ ਪਾਬੰਦੀਆਂ ਲਗਾਉਣ। ਉਨ੍ਹਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਰੂਸ ’ਤੇ ਜਵਾਬੀ ਹਮਲੇ ਕੀਤੇ ਜਾ ਸਕਣ।
ਲੰਡਨ ’ਚ ਜ਼ੇਲੈਂਸਕੀ ਨੇ ਯੂਰੋਪੀਅਨ ਆਗੂਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਯੂਕਰੇਨ ਦੀ ਰੱਖਿਆ ਲਈ ਫੌਜੀ ਸਹਾਇਤਾ ਦੇਣ ਦਾ ਵਚਨ ਦਿੱਤਾ। ਮੀਟਿੰਗ ਦੀ ਮੇਜ਼ਬਾਨੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕੀਤੀ ਤਾਂ ਜੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਦਬਾਅ ਪਾਉਣ ਲਈ ਕਦਮ ਚੁੱਕੇ ਜਾ ਸਕਣ।
