ਰੂਸ: ਕੁਰੀਲ ਟਾਪੂ ’ਤੇ 6.5 ਸ਼ਿੱਦਤ ਦੇ ਭੂਚਾਲ ਦੇ ਝਟਕੇ
ਕੌਮੀ ਭੂਚਾਲ ਵਿਗਿਆਨ ਕੇਂਦਰ (NCS) ਦੇ ਇੱਕ ਬਿਆਨ ਅਨੁਸਾਰ ਵੀਰਵਾਰ ਨੂੰ ਕੁਰੀਲ ਟਾਪੂ ਦੇ ਪੂਰਬ ਵਿੱਚ 6.5 ਤੀਬਰਤਾ ਦਾ ਭੂਚਾਲ ਆਇਆ ਹੈ। ਬਿਆਨ ਮੁਤਾਬਕ ਭੂਚਾਲ 10 ਕਿਲੋਮੀਟਰ ਦੀ ਘੱਟ ਡੂੰਘਾਈ ’ਤੇ ਆਇਆ, ਜਿਸ ਕਾਰਨ ਬਾਅਦ ਵਿੱਚ ਵੀ ਝਟਕੇ (ਆਫਟਰਸ਼ਾਕਸ) ਆਉਣ ਦੀ ਸੰਭਾਵਨਾ ਹੈ।
NCS ਨੇ X 'ਤੇ ਇੱਕ ਪੋਸਟ ਵਿੱਚ ਕਿਹਾ, " ਕੁਰੀਲ ਟਾਪੂ ਦੇ ਪੂਰਬ ਵਿੱਚ ਭੂਚਾਲ ਦੀ ਸ਼ਿੱਦਤ (M): 6.5 ਦਰਜ ਕੀਤੀ ਗਈ।’’
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੁਰੀਲ ਟਾਪੂ ’ਤੇ 10 ਕਿਲੋਮੀਟਰ ਦੀ ਡੂੰਘਾਈ ’ਤੇ 6.3 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ ਸੀ।
ਕ੍ਰੇਮਲਿਨ ਨੇ ਕਿਹਾ ਕਿ ਰੂਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੀਐੱਨਐੱਨ ਨੇ ਯੂਐੱਸ ਜੀਓਲੋਜੀਕਲ ਸਰਵੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 8.8 ਤੀਬਰਤਾ ਦੇ ਵੱਡੇ ਭੂਚਾਲ ਤੋਂ ਬਾਅਦ 16 ਘੰਟਿਆਂ ਤੋਂ ਵੱਧ ਸਮੇਂ ਵਿੱਚ ਰੂਸ ਦੇ ਨੇੜੇ 4.4 ਜਾਂ ਇਸ ਤੋਂ ਵੱਧ ਤੀਬਰਤਾ ਦੇ ਲਗਪਗ 125 ਝਟਕੇ ਮਹਿਸੂਸ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਝਟਕੇ 6.0 ਜਾਂ ਇਸ ਤੋਂ ਵੱਧ ਤੀਬਰਤਾ ਦੇ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਝਟਕਾ 6.9 ਤੀਬਰਤਾ ਦਾ ਸੀ ਜੋ ਮੁੱਖ ਭੂਚਾਲ ਤੋਂ ਲਗਭਗ 45 ਮਿੰਟ ਬਾਅਦ ਆਇਆ।