DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝਾਕੀ ਵਿਵਾਦ: ‘ਆਪ’ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਵਿਚਾਲੇ ਤਲਖੀ ਵਧੀ

ਥੀਮ ਨਾਲ ਮੇਲ ਨਾ ਖਾਣ ਕਰਕੇ ਝਾਕੀ ਰੱਦ ਕੀਤੀ: ਰੱਖਿਆ ਮੰਤਰਾਲਾ; ਝਾਕੀ ‘ਭਾਰਤ ਪਰਵ’ ਵਿਚ ਸ਼ਾਮਲ ਕਰਨ ਦਾ ਕੇਂਦਰ ਦਾ ਸੁਝਾਅ ਮਾਨ ਸਰਕਾਰ ਵੱਲੋਂ ਰੱਦ; ਅਸੀਂ ਆਪਣੇ ਨਾਇਕਾਂ ਦਾ ਸਨਮਾਨ ਕਰਨਾ ਜਾਣਦੇ ਹਾਂ, ਭਾਜਪਾ ਦੇ ਐੱਨਓਸੀ ਦੀ ਲੋੜ ਨਹੀਂ: ਮੁੱਖ ਮੰਤਰੀ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀ

ਚੰਡੀਗੜ੍ਹ, 31 ਦਸੰਬਰ

Advertisement

ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਰੱਦ ਕੀਤੇ ਜਾਣ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਂਦਰੀ ਰੱਖਿਆ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਕਿ ਕਲਾ, ਸਭਿਆਚਾਰ, ਪੇਂਟਿੰਗ, ਮੂਰਤੀ ਕਲਾ, ਸੰਗੀਤ, ਭਵਨ ਨਿਰਮਾਣ ਕਲਾ, ਕੋਰੀਓਗ੍ਰਾਫ਼ੀ ਆਦਿ ਨਾਲ ਖੇਤਰਾਂ ਨਾਲ ਸਬੰਧਤ ਉੱਘੀਆਂ ਹਸਤੀਆਂ ਦੀ ਸ਼ਮੂਲੀਅਤ ਵਾਲੀ ਮਾਹਿਰਾਂ ਦੀ ਕਮੇਟੀ ਨੇ ਪਹਿਲੇ ਤਿੰਨ ਗੇੜਾਂ ਤੱਕ ਪੰਜਾਬ ਵੱਲੋਂ ਭੇਜੀ ਝਾਕੀ ’ਤੇ ਵਿਚਾਰ ਕੀਤਾ ਸੀ। ਇਸ ਸਾਲ ਦੀ ਝਾਕੀ ਦੇ ਵਿਆਪਕ ਵਿਸ਼ਿਆਂ ਦੇ ਥੀਮ ਨਾਲ ਮੇਲ ਨਾ ਖਾਣ ਕਰਕੇ ਪੰਜਾਬ ਦੀ ਝਾਕੀ ਨੂੰ ਹੋਰ ਵਿਚਾਰ ਲਈ ਅੱਗੇ ਨਹੀਂ ਲਿਜਾਇਆ ਜਾ ਸਕਿਆ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਸੱਤਾ ਦੇ ਹੰਕਾਰ ’ਚ ਝੱਲੀ ਹੋਈ ਕੇਂਦਰ ਸਰਕਾਰ ਪੰਜਾਬੀਆਂ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪਾਈਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਕਰ ਰਹੀ ਹੈ। ਇਸ ਦੌਰਾਨ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਣੇ ਹੋਰਨਾਂ ਰਾਜਾਂ ਦੀਆਂ ਜਿਹੜੀਆਂ ਝਾਕੀਆਂ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਣ ਤੋਂ ਰਹਿ ਗਈਆਂ ਹਨ, ਉਨ੍ਹਾਂ 23 ਤੋਂ 31 ਜਨਵਰੀ ਤੱਕ ਲਾਲ ਕਿਲ੍ਹੇ ਵਿੱਚ ਲੱਗਣ ਵਾਲੇ ‘ਭਾਰਤ ਪਰਵ’ ਵਿੱਚ ਸ਼ਾਮਲ ਕੀਤਾ ਜਾਵੇਗਾ। ਉਧਰ ਪੰਜਾਬ ਸਰਕਾਰ ਨੇ ਵੀ ‘ਭਾਰਤ ਪਰਵ’ ਲਈ ਝਾਕੀ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਮਾਨ ਸਰਕਾਰ ਨੇ ਕਿਹਾ ਕਿ ਕੇਂਦਰ ਨੇ ਸੂਬੇ ਦੀ ਝਾਕੀ ਰੱਦ ਕਰਕੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ। ਮਾਨ ਨੇ ਐਕਸ ’ਤੇ ਇਕ ਟਵੀਟ ਵਿੱਚ ਕਿਹਾ, ‘‘ਅਸੀਂ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਾਈ ਭਾਗੋ...ਕਰਤਾਰ ਸਰਾਭੇ...ਗ਼ਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰੱਦ ਕੀਤੀਆਂ ਸ਼੍ਰੇਣੀਆਂ (rejected categories) ਵਿੱਚ ਨਹੀਂ ਭੇਜਣਾ...ਇਹ ਸਾਡੇ ਹੀਰੋ ਨੇ...ਇਨ੍ਹਾਂ ਦਾ ਮਾਣ ਸਨਮਾਨ ਕਰਨਾ ਅਸੀਂ ਜਾਣਦੇ ਹਾਂ ...ਭਾਜਪਾ ਦੇ NOC ਦੀ ਲੋੜ ਨਹੀਂ...।’’

Advertisement
×