Rekha Gupta Delhi CM ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ, ਉਪ ਰਾਜਪਾਲ ਵੱਲੋਂ ਸਰਕਾਰ ਬਣਾਉਣ ਦਾ ਸੱਦਾ
Rekha Gupta Delhi CM ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੇਖਾ ਗੁਪਤਾ ਸ਼ਾਲੀਮਾਰ ਬਾਗ ਹਲਕੇ ਤੋਂ ਵਿਧਾਇਕ ਹਨ। ਭਾਜਪਾ ਵਿਧਾਇਕ ਦਲ ਦੀ ਬੈਠਕ ਦੌਰਾਨ ਰੇਖਾ ਗੁਪਤਾ ਦੇ ਨਾਮ ’ਤੇ ਰਸਮੀ ਮੋਹਰ ਲਾਈ ਗਈ। ਗੁਪਤਾ ਨੇ ਮੁੱਖ ਮੰਤਰੀ ਮਨੋਨੀਤ ਕੀਤੇ ਜਾਣ ਮਗਰੋਂ ਇਸ ਨਵੀਂ ਜ਼ਿੰਮੇਵਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਵਿਧਾਇਕਾਂ ਦਾ ਧੰਨਵਾਦ ਕੀਤਾ I ਉਪ ਰਾਜਪਾਲ ਵੀਕੇ ਸਕਸੈਨਾ ਨੇ ਮਨੋਨੀਤ ਮੁੱਖ ਮੰਤਰੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ।
ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਿਤ ਤੇ ਆਤਿਸ਼ੀ ਮਗਰੋਂ ਰੇਖਾ ਗੁਪਤਾ ਦਿੱਲੀ ਦੇ ਚੌਥੇ ਮਹਿਲਾ ਮੁੱਖ ਮੰਤਰੀ ਹੋਣਗੇ। ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਜ ਨਿਵਾਸ ਵਿਚ ਜਾ ਕੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਨਿਗਰਾਨ ਰਵੀ ਸ਼ੰਕਰ ਪ੍ਰਸਾਦ ਤੇ ਓਪੀ ਧਨਖੜ ਤੋਂ ਇਲਾਵਾ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਅਤੇ ਦਿੱਲੀ ਤੋਂ ਸੰਸਦ ਮੈਂਬਰ ਬਾਂਸੁਰੀ ਸਵਰਾਜ, ਪ੍ਰਵੀਨ ਖੰਡੇਲਵਾਲ ਤੇ ਕਮਲਜੀਤ ਸਹਿਰਾਵਤ ਅਤੇ ਭਾਜਪਾ ਦੇ ਕੌਮੀ ਉਪ ਪ੍ਰਧਾਨ ਬੈਜਯੰਤ ਪਾਂਡਾ ਵੀ ਮੌਜੂਦ ਸਨ। ਗੁਪਤਾ ਦਿੱਲੀ ਵਿਚ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ ਮਗਰੋਂ ਭਾਜਪਾ ਦੀ ਚੌਥੀ ਮੁੱਖ ਮੰਤਰੀ ਹੈ।
ਗੁਪਤਾ ਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਭਲਕੇ ਰਾਮਲੀਲਾ ਮੈਦਾਨ ਵਿਚ ਰੱਖੇ ਹਲਫ਼ਦਾਰੀ ਸਮਾਗਮ ਵਿਚ ਹਲਫ਼ ਲੈਣਗੇ।
Shalimar Bagh ਹਲਕੇ ਤੋਂ ਵਿਧਾਇਕ ਰੇਖਾ ਗੁਪਤਾ ਨੇ ‘ਆਪ’ ਉਮੀਦਵਾਰ ਬੰਦਨਾ ਕੁਮਾਰੀ ਨੂੰ 29,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸੱਦਾ ਭਾਜਪਾ ਵਿਧਾਇਕ ਦਲ ਦੀ ਬੈਠਕ ਵਿਚ ਪਾਰਟੀ ਦੇ ਕੇਂਦਰੀ ਨਿਗਰਾਨ ਰਵੀ ਸ਼ੰਕਰ ਪ੍ਰਸਾਦ ਤੇ ਓਪੀ ਧਨਖੜ ਵੀ ਮੌਜੂਦ ਸਨ।
ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਤੋਂ ਇਲਾਵਾ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, ਪਾਰਟੀ ਦੀ ਸਿਖਰਲੀ ਲੀਡਰਸ਼ਿਪ, ਫ਼ਿਲਮੀ ਸਿਤਾਰੇ ਤੇ ਸਿਆਸੀ ਆਗੂ ਸ਼ਾਮਲ ਹੋਣਗੇ।
ਹਲਫ਼ਦਾਰੀ ਸਮਾਗਮ ਵਿਚ 30 ਹਜ਼ਾਰ ਦੇ ਕਰੀਬ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਚੇਤੇ ਰਹੇ ਕਿ ਭਾਜਪਾ ਨੇ 5 ਫਰਵਰੀ ਨੂੰ ਹੋਈ ਚੋਣ ਵਿਚ 70 ਮੈਂਬਰੀ ਦਿੱਲੀ ਅਸੈਂਬਲੀ ਵਿਚ 48 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 26 ਸਾਲ ਬਾਅਦ ਦਿੱਲੀ ਦੀ ਸੱਤਾ ਵਿਚ ਵਾਪਸੀ ਕੀਤੀ ਹੈ।
ਪਿਛਲੇ ਇਕ ਦਹਾਕੇ ਤੋਂ ਦਿੱਲੀ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ 22 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਣੇ ਹੋਰ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ