ਸ੍ਰੀਨਗਰ, 26 ਜੂਨ
ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਇਸ ਸਾਲ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ’ਚ 10 ਫ਼ੀਸਦ ਤੋਂ ਵੱਧ ਦੀ ਗਿਰਾਵਟ ਆਈ ਹੈ। ਸਿਨਹਾ ਨੇ ਰਾਜ ਭਵਨ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਹਮਲੇ ਤੋਂ ਪਹਿਲਾਂ ਤੀਰਥ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਤੇਜ਼ੀ ਨਾਲ ਹੋ ਰਹੀ ਸੀ ਪਰ ਹਮਲੇ ਤੋਂ ਬਾਅਦ ਇਸ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ’ਚ ਕਾਫੀ ਗਿਰਾਵਟ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਰਜਿਸਟ੍ਰੇਸ਼ਨ ’ਚ 10.19 ਫੀਸਦੀ ਕਮੀ ਦਰਜ ਕੀਤੀ ਗਈ ਹੈ। ਉੱਪ ਰਾਜਪਾਲ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਪਹਿਲਾਂ ਤਕਰੀਬਨ 2.36 ਲੱਖ ਸ਼ਰਧਾਲੂਆਂ ਨੇ ਇਸ ਤੀਰਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਤੇ ਸੁਰੱਖਿਆ ਬਲਾਂ ਦੀਆਂ ਕੋਸ਼ਿਸ਼ਾਂ ਕਾਰਨ ਸ਼ਰਧਾਲੂਆਂ ’ਚ ਵਿਸ਼ਵਾਸ ਪਰਤ ਰਿਹਾ ਹੈ। ਸ੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸਏਐੱਸਬੀ) ਨੇ 22 ਅਪੈਰਲ ਤੋਂ ਪਹਿਲਾਂ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਸੀ। ਹੁਣ ਤੱਕ 85 ਹਜ਼ਾਰ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਦੀ ਪੁਸ਼ਟੀ ਕਰ ਲਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਦਿਨਾਂ ’ਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਆਏਗੀ।-ਪੀਟੀਆਈ
ਸੁਰੱਖਿਆ ਲਈ ਸੀਏਪੀਐੱਫ ਦੀਆਂ 180 ਕੰਪਨੀਆਂ ਤਾਇਨਾਤ
ਜੰਮੂ: ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਸਾਲਾਨਾ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫ) ਦੀਆਂ ਕੁੱਲ 180 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲਾਂ ਨਾਲੋਂ ਵੱਧ ਹਨ। ਜੰਮੂ ਜ਼ੋਨ ਦੇ ਪੁਲੀਸ ਇੰਸਪੈਕਟਰ ਜਨਰਲ, ਭੀਮ ਸੇਨ ਟੁਟੀ ਨੇ ਹਰ ਸ਼ਰਧਾਲੂ ਨੂੰ ਸੁਰੱਖਿਅਤ ਯਾਤਰਾ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਜੰਮੂ ਤੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਇਕੱਲੇ ਯਾਤਰਾ ਕਰਨ ਦੀ ਬਜਾਏ ਅਧਿਕਾਰਤ ਕਾਫ਼ਲਿਆਂ ਵਿੱਚ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਹੈ।-ਪੀਟੀਆਈ