ਸੁਰੱਖਿਆ ਕੌਂਸਲ ’ਚ ਸੁਧਾਰ ਸਮੇਂ ਦੀ ਲੋੜ: ਮੋਦੀ
ਭਾਰਤ, ਬ੍ਰਾਜ਼ੀਲ ਤੇ ਅਫਰੀਕਾ ਇਕਜੁੱਟ; ਅਤਿਵਾਦ ਖਿਲਾਫ਼ ਸਾਂਝੀ ਲੜਾਈ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ ਐੱਨ ਐੱਸ ਸੀ) ਵਿੱਚ ਸੁਧਾਰ ਹੁਣ ਕੋਈ ਬਦਲ ਨਹੀਂ, ਸਗੋਂ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ (ਆਈ ਬੀ ਐੱਸ ਏ) ਦੇ ਗੱਠਜੋੜ ਨੂੰ ਆਲਮੀ ਪ੍ਰਬੰਧਾਂ ਵਿੱਚ ਤਬਦੀਲੀ ਲਈ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ।
ਇੱਥੇ ਆਈ ਬੀ ਐੱਸ ਏ ਆਗੂਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਦੁਨੀਆ ਵੰਡੀ ਹੋਈ ਨਜ਼ਰ ਆ ਰਹੀ ਹੈ, ਉਦੋਂ ਆਈ ਬੀ ਐੱਸ ਏ ਏਕਤਾ ਅਤੇ ਮਨੁੱਖਤਾ ਦਾ ਸੁਨੇਹਾ ਦੇ ਸਕਦਾ ਹੈ। ਉਨ੍ਹਾਂ ਤਿੰਨਾਂ ਮੁਲਕਾਂ ਨੂੰ ਸੁਰੱਖਿਆ ਸਹਿਯੋਗ ਵਧਾਉਣ ਲਈ ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਪੱਧਰ ਦੀ ਮੀਟਿੰਗ ਨੂੰ ਪੱਕਾ ਰੂਪ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਅਤਿਵਾਦ ਖ਼ਿਲਾਫ਼ ਸਾਂਝੀ ਲੜਾਈ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਗੰਭੀਰ ਮਸਲੇ ’ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ। ਸੰਮੇਲਨ ਵਿੱਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਵਿਕਾਸ ਵਿੱਚ ਤਕਨੀਕ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ‘ਆਈ ਬੀ ਐੱਸ ਏ ਡਿਜੀਟਲ ਇਨੋਵੇਸ਼ਨ ਅਲਾਇੰਸ’ ਬਣਾਉਣ ਦਾ ਮਤਾ ਰੱਖਿਆ। ਇਸ ਦਾ ਮਕਸਦ ਤਿੰਨਾਂ ਦੇਸ਼ਾਂ ਵਿਚਾਲੇ ਯੂ ਪੀ ਆਈ, ਸਿਹਤ ਪਲੇਟਫਾਰਮ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਤਕਨੀਕ ਸਾਂਝੀ ਕਰਨਾ ਹੈ। ਉਨ੍ਹਾਂ ਆਈ ਬੀ ਐੱਸ ਏ ਆਗੂਆਂ ਨੂੰ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ‘ਏ ਆਈ ਇੰਪੈਕਟ ਸੰਮੇਲਨ’ ਲਈ ਸੱਦਾ ਵੀ ਦਿੱਤਾ।
ਵਪਾਰ ਤੇ ਏ ਆਈ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਚਰਚਾ
ਜੋਹੈੱਨਸਬਰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਖਣਨ, ਮਸਨੂਈ ਬੌਧਿਕਤਾ (ਏ ਆਈ) ਅਤੇ ਖੁਰਾਕ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਲਾਹੇਵੰਦ ਰਹੀ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਅਤੇ ਸੱਭਿਆਚਾਰਕ ਰਿਸ਼ਤੇ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਮਸਨੂਈ ਬੌਧਿਕਤਾ ਦੀ ਦੁਰਵਰਤੋਂ ਰੋਕਣ ਲਈ ਆਲਮੀ ਸਮਝੌਤਾ ਬਣਾਉਣ ਦੀ ਅਪੀਲ ਕੀਤੀ ਹੈ।
ਮੋਦੀ ਤੇ ਕਾਰਨੀ ਵੱਲੋਂ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ’ਤੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਆਗੂਆਂ ਨੇ ਰੱਖਿਆ, ਪੁਲਾੜ, ਵਪਾਰ, ਨਿਵੇਸ਼ ਅਤੇ ਤਕਨੀਕ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ। ਮੋਦੀ ਨੇ ਇਸ ਮੀਟਿੰਗ ਨੂੰ ਲਾਹੇਵੰਦ ਦੱਸਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਾਂਝ ਮਜ਼ਬੂਤ ਕਰਨ ਦੀ ਵੱਡੀ ਸੰਭਾਵਨਾ ਹੈ। ਦੋਹਾਂ ਨੇ 2030 ਤੱਕ ਦੁਵੱਲਾ ਵਪਾਰ 50 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਮਿੱਥਿਆ।

