ਲਾਲ ਕਿਲ੍ਹਾ ਧਮਾਕਾ ‘ਸਪਸ਼ਟ ਰੂਪ ’ਚ ਦਹਿਸ਼ਤੀ ਹਮਲਾ’: ਮਾਰਕੋ ਰੂਬੀਓ
ਅਮਰੀਕੀ ਵਿਦੇਸ਼ ਮੰਤਰੀ ਨੇ ਜੀ7 ਬੈਠਕ ਤੋਂ ਇਕਪਾਸੇ ਭਾਰਤੀ ਹਮਰੁਤਬਾ ਜੈਸ਼ੰਕਰ ਨਾਲ ਕੀਤੀ ਮੁਲਾਕਾਤ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਲੀ ਵਿਚ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਨੂੰ ਸਪਸ਼ਟ ਰੂਪ ਵਿਚ ‘ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ। ਉਨ੍ਹਾਂ ਜਾਂਚ ਲਈ ਭਾਰਤ ਦੀ ਪੇਸ਼ੇਵਰ ਪਹੁੰਚ ਦੀ ਤਾਰੀਫ਼ ਕੀਤੀ। ਰੂਬੀਓ ਨੇ ਇਹ ਟਿੱਪਣੀ ਭਾਰਤ ਵੱਲੋਂ ਧਮਾਕੇ ਨੂੰ ‘ਦਹਿਸ਼ਤੀ ਘਟਨਾ’ ਐਲਾਨਣ ਬਾਰੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ।
ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬੀਓ ਨੇ ਕਿਹਾ, ‘‘ਭਾਰਤੀਆਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਉਹ ਇਸ ਜਾਂਚ ਨੂੰ ਬਹੁਤ ਚੌਕਸੀ ਤੇ ਪੇਸ਼ੇਵਰ ਢੰਗ ਨਾਲ ਅੰਜਾਮ ਦੇ ਰਹੇ ਹਨ। ਜਾਂਚ ਜਾਰੀ ਹੈ। ਸਪੱਸ਼ਟ ਤੌਰ ’ਤੇ ਇਹ ਦਹਿਸ਼ਤੀ ਹਮਲਾ ਸੀ। ਇਹ ਵਿਸਫੋਟਕ ਸਮੱਗਰੀ ਨਾਲ ਭਰੀ ਕਾਰ ਸੀ ਜਿਸ ਵਿੱਚ ਧਮਾਕਾ ਹੋਇਆ ਅਤੇ ਬਹੁਤ ਸਾਰੇ ਲੋਕ ਮਾਰੇ ਗਏ।’’ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਜਾਂਚ ਨੂੰ ਲੈ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਕੋਲ ਤੱਥ ਹੋਣਗੇ, ਤਾਂ ਉਹ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਣਗੇ।’’ ਰੂਬੀਓ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਬਾਰੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲ ਕੀਤੀ।
ਰੂਬੀਓ ਨੇ ਕਿਹਾ, ‘‘ਅਮਰੀਕਾ ਨੇ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਹੈ ਕਿ ਭਾਰਤ ਜਾਂਚ ਨੂੰ ਸੰਭਾਲਣ ਵਿਚ ‘ਬਹੁਤ ਸਮਰੱਥ’ ਹੈ ਅਤੇ ਉਸ ਨੂੰ ਮਦਦ ਦੀ ਲੋੜ ਨਹੀਂ ਹੈ ਤੇ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ।’’ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਰੂਬੀਓ ਨੇ ਕੈਨੇਡਾ ਦੇ ਨਿਆਗਰਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਇਕਪਾਸੇ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਰੂਬੀਓ ਨੇ ਹਾਲ ਹੀ ਵਿੱਚ ਦਿੱਲੀ ਧਮਾਕੇ ਵਿੱਚ ਮਾਰੇ ਗਏ ਲੋਕਾਂ ਲਈ ਸੰਵੇਦਨਾ ਪ੍ਰਗਟ ਕੀਤੀ। ਮੀਟਿੰਗ ਵਿੱਚ ਦੁਵੱਲੇ ਸਬੰਧਾਂ ਦੇ ਨਾਲ-ਨਾਲ ਆਲਮੀ ਘਟਨਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ।

