ਜਿਨਪਿੰਗ ਦੀ ਅਗਵਾਈ ’ਚ ਮੁੜ ਭਰੋਸਾ ਜਤਾਇਆ
ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਨੇ ਅੱਜ ਆਪਣੀ ਚਾਰ ਰੋਜ਼ਾ ਮੀਟਿੰਗ ਖਤਮ ਕਰਦਿਆਂ ਪਾਰਟੀ ਤੇ ਦੇਸ਼ ਦੀ ਤਾਕਤਵਰ ਸੈਨਾ ਦੇ ਮੁਖੀ ਵਜੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ’ਚ ਭਰੋਸਾ ਜ਼ਾਹਿਰ ਕੀਤਾ ਹੈ।
ਮੀਟਿੰਗ ਦੌਰਾਨ ਸਿਖਰਲੇ ਫੌਜੀ ਅਧਿਕਾਰੀਆਂ ਦੀ ਵੱਡੇ ਪੱਧਰ ’ਤੇ ਛਾਂਟੀ ਕਰਨ ਦੀ ਵੀ ਹਮਾਇਤ ਕੀਤੀ ਗਈ। ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਜੰਗ ਅਤੇ ਉਸ ਦੇ ਨਤੀਜੇ ਵਜੋਂ ਆਲਮੀ ਵਪਾਰ ’ਚ ਪੈਦਾ ਹੋਏ ਤਣਾਅ ਦਾ ਅਸਰ ਘਟਾਉਣ ਲਈ ਵਧੇਰੇ ਲਚਕਦਾਰ ਘਰੇਲੂ ਬਾਜ਼ਾਰ ਬਣਾਉਣ ਤੇ ਵਧੇਰੇ ਆਤਮ ਨਿਰਭਰਤਾ ਹਾਸਲ ਕਰਨ ਲਈ ਨਵੀਂ ਪੰਜ ਸਾਲਾ ਯੋਜਨਾ ਦੀ ਹਮਾਇਤ ਵੀ ਕੀਤੀ ਗਈ ਹੈ। ਸੋਮਵਾਰ ਤੋਂ ਵੀਰਵਾਰ ਤੱਕ ਚੱਲੀ ਇਸ 370 ਮੈਂਬਰੀ ਪਲੈਨਮ ਨੂੰ ਮੁਕੰਮਲ ਸੈਸ਼ਨ ਕਰਾਰ ਦਿੱਤਾ ਗਿਆ ਜਿਸ ਵਿੱਚ ਪਾਰਟੀ ਤੇ ਦੇਸ਼ ਨੂੰ ਸ਼ੀ ਜਿਨਪਿੰਗ ਨਾਲ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ। 72 ਸਾਲਾ ਜਿਨਪਿੰਗ ਸੱਤਾ ’ਚ ਆਪਣੇ ਤੀਜੇ ਕਾਰਜਕਾਲ ਵਿੱਚ ਹਨ ਅਤੇ ਪਾਰਟੀ ਦੇ ਬਾਨੀ ਮਾਓ ਸੇ ਤੁੰਗ ਮਗਰੋਂ ਅਜਿਹਾ ਕਰਨ ਵਾਲੇ ਇੱਕੋ-ਇੱਕ ਚੀਨੀ ਨੇਤਾ ਬਣ ਗਏ ਹਨ।
ਮੀਟਿੰਗ ਦੇ ਅਖੀਰ ’ਚ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ, ‘‘ਇਸ ਸੈਸ਼ਨ ’ਚ ਸਾਰੀ ਪਾਰਟੀ, ਸਾਰੀ ਸੈਨਾ ਅਤੇ ਸਾਰੇ ਸਮੂਹਾਂ ਨਾਲ ਸਬੰਧਿਤ ਚੀਨੀ ਲੋਕਾਂ ਨੂੰ ਸ਼ੀ ਜਿਨਪਿੰਗ ਨੂੰ ਕੇਂਦਰ ’ਚ ਰੱਖ ਕੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਆਲੇ-ਦੁਆਲੇ ਹੋਰ ਵਧੇਰੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ।’’ ਇਸ ਵਿੱਚ ਕਿਹਾ ਗਿਆ ਹੈ, ‘‘ਸਾਨੂੰ ਸਾਰਿਆਂ ਨੂੰ ਕੇਂਦਰੀ ਕਮੇਟੀ ਅਤੇ ਮੁਕੰਮਲ ਤੌਰ ’ਤੇ ਪਾਰਟੀ ’ਚ ਕਾਮਰੇਡ ਸ਼ੀ ਜਿਨਪਿੰਗ ਨੂੰ ਕੇਂਦਰ ’ਚ ਸਥਾਪਤ ਕਰਨ ਅਤੇ ਨਵੇਂ ਯੁਗ ਲਈ ਚੀਨੀ ਖਾਸੀਅਤਾਂ ਵਾਲੇ ਸਮਾਜਵਾਦ ਪ੍ਰਤੀ ਸ਼ੀ ਜਿਨਪਿੰਗ ਦੇ ਵਿਚਾਰਾਂ ਦੀ ਅਹਿਮ ਭੂਮਿਕਾ ਸਥਾਪਤ ਕਰਨ ਦੇ ਮਹੱਤਵ ਦੀ ਡੂੰਘੀ ਸਮਝ ਹਾਸਲ ਕਰਨੀ ਚਾਹੀਦੀ ਹੈ।’’ ਬਿਆਨ ਅਨੁਸਾਰ ਇਸ ਸੈਸ਼ਨ ਦੌਰਾਨ ਚੀਨੀ ਸੈਨਾ ਦੇ ਦੂਜੇ ਸਥਾਨ ਦੇ ਜਨਰਲ ਹੀ ਵੇਈਦੌਂਗ ਅਤੇ ਅੱਠ ਹੋਰ ਸਿਖਰਲੇ ਅਧਿਕਾਰੀਆਂ ਨੂੰ ਬਰਖਾਸਤ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ, ਅਨੁਸ਼ਾਸਨ ਭੰਗ ਕਰਨ ਅਤੇ ਹੋਰ ਅਪਰਾਧਾਂ ਲਈ ਸੈਨਾ ਤੇ ਪਾਰਟੀ ’ਚੋਂ ਕੱਢਿਆ ਗਿਆ ਸੀ।
