Rare kidney transplant ਦਿੱਲੀ ਦਾ ਦੇਵੇੇਂਦਰ ਬਰਲੇਵਾਰ ਪੰਜ ਗੁਰਦਿਆਂ ਨਾਲ ਜਿਉਂ ਰਿਹੈ ਜ਼ਿੰਦਗੀ
ਇੱਥੇ ਨਿੱਜੀ ਹਸਪਤਾਲ ਵਿੱਚ 47 ਸਾਲਾ ਵਿਅਕਤੀ ਦਾ ਤੀਜੀ ਵਾਰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਹੈ ਤੇ ਉਸ ਦੇ ਸਰੀਰ ਵਿੱਚ ਇਕ ਦੋ ਨਹੀਂ ਬਲਕਿ ਕੁੱਲ ਪੰਜ ਗੁਰਦੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਸਿਰਫ਼ ਇਕ ਹੀ ਕੰਮ ਕਰਦਾ ਹੈ। ਡਾਕਟਰਾਂ ਨੇ ਕਿਹਾ ਕਿ ਤੀਜੇ ਦਾਨ ਕੀਤੇ ਗੁਰਦੇ ਨੂੰ ਸੱਜੇ ਪਾਸੇ ਉਸ ਦੇ ਆਪਣੇ ਅਤੇ ਹੋਰਨਾਂ ਟਰਾਂਸਪਲਾਂਟ ਕੀਤੇ ਗੁਰਦਿਆਂ ਦੇ ਵਿਚਾਲੇ ਰੱਖਿਆ ਗਿਆ ਹੈ।
ਫ਼ਰੀਦਾਬਾਦ ਦੇ ਅੰਮ੍ਰਿਤਾ ਹਸਪਤਾਲ ਵਿੱਚ ਦੇਵੇਂਦਰ ਬਰਲੇਵਾਰ, ਜੋ ਪਿਛਲੇ 15 ਸਾਲਾਂ ਤੋਂ ਗੁਰਦੇ ਦੀ ਪੁਰਾਣੀ ਬਿਮਾਰੀ ਨਾਲ ਜੂਝ ਰਿਹਾ ਹੈ, ਦੀ ਸਰਜਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 2010 ਤੇ 2012 ਵਿੱਚ ਵੀ ਉਸ ਦੇ ਦੋ ਅਸਫ਼ਲ ਟਰਾਂਸਪਲਾਂਟ ਹੋਏ ਸਨ। ਬਰਲੇਵਾਰ ਕੇਂਦਰੀ ਮੰਤਰਾਲੇ ਵਿਚ ਵਿਗਿਆਨੀ ਵਜੋਂ ਕੰਮ ਕਰਦਾ ਹੈ।
ਯੂਰੋਲੋਜੀ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਅਹਿਮਦ ਕਮਾਲ ਨੇ ਕਿਹਾ ਕਿ 2022 ਵਿੱਚ ਕੋਵਿਡ-19 ਦੀਆਂ ਪੇਚੀਦਗੀਆਂ ਤੋਂ ਬਾਅਦ ਮਰੀਜ਼ ਦੀ ਹਾਲਤ ਹੋਰ ਵਿਗੜ ਗਈ। ਹਾਲਾਂਕਿ ਜਦੋਂ ਇੱਕ 50 ਸਾਲਾ ਦਿਮਾਗੀ ਤੌਰ ’ਤੇ ਮਰ ਚੁੱਕੇ ਕਿਸਾਨ ਦੇ ਪਰਿਵਾਰ ਨੇ ਉਸ ਦੇ ਗੁਰਦੇ ਦਾਨ ਕਰਨ ਦਾ ਫੈਸਲਾ ਕੀਤਾ ਤਾਂ ਬਰਲੇਵਾਰ ਦੇ ਪਰਿਵਾਰ ਨੂੰ ਇਕ ਨਵੀਂ ਉਮੀਦ ਜਾਗ ਪਈ।
ਡਾ.ਕਮਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਮਹੀਨੇ ਚਾਰ ਘੰਟੇ ਲੰਮੀ ਸਰਜਰੀ ਦੌਰਾਨ ਡਾਕਟਰਾਂ ਨੂੰ ਮਰੀਜ਼ ਦੇ ਸਰੀਰ ਵਿਚ ਮੌਜੂਦ ਚਾਰ ਗੈਰ-ਕਾਰਜਸ਼ੀਲ ਗੁਰਦਿਆਂ ਕਰਕੇ ਅਹਿਮ ਡਾਕਟਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਦੋ ਗੁਰਦੇ ਮਰੀਜ਼ ਦੇ ਆਪਣੇ ਸਨ ਤੇ ਦੋ ਪਹਿਲਾਂ ਟਰਾਂਸਪਲਾਂਟ ਕੀਤੇ ਗਏ ਸਨ।
ਡਾ. ਅਨਿਲ ਸ਼ਰਮਾ, ਸੀਨੀਅਰ ਸਲਾਹਕਾਰ, ਯੂਰੋਲੋਜੀ, ਨੇ ਸਰਜੀਕਲ ਪੇਚੀਦਗੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ, ‘‘ਮਰੀਜ਼ ਦੇ ਕਹਿਰੇ ਸਰੀਰ ਅਤੇ ਮੌਜੂਦਾ incisional ਹਰਨੀਆ ਕਾਰਨ ਥਾਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਪਿਛਲੀਆਂ ਸਰਜਰੀਆਂ ਵਿੱਚ ਪਹਿਲਾਂ ਹੀ ਮਿਆਰੀ ਖੂਨ ਦੀਆਂ ਨਾੜੀਆਂ ਦੀ ਵਰਤੋਂ ਕੀਤੀ ਗਈ ਸੀ, ਜਿਸ ਕਰਕੇ ਸਾਨੂੰ ਨਵੇਂ ਗੁਰਦੇ ਨੂੰ ਪੇਟ ਦੀਆਂ ਸਭ ਤੋਂ ਵੱਡੀਆਂ ਖੂਨ ਦੀਆਂ ਨਾੜਾਂ ਨਾਲ ਜੋੜਨਾ ਪਿਆ, ਜਿਸ ਕਰਕੇ ਇਹ ਇੱਕ ਬਹੁਤ ਹੀ ਪੇਚੀਦਾ ਅਮਲ ਬਣ ਗਿਆ।’’
ਚੁਣੌਤੀਆਂ ਦੇ ਬਾਵਜੂਦ ਟਰਾਂਸਪਲਾਂਟ ਸਫਲ ਰਿਹਾ, ਅਤੇ ਮਰੀਜ਼ ਨੂੰ ਦਸ ਦਿਨਾਂ ਅੰਦਰ ਸਥਿਰ ਗੁਰਦੇ, ਜੋ ਕੰਮ ਕਰ ਰਿਹਾ ਸੀ, ਨਾਲ ਛੁੱਟੀ ਦੇ ਦਿੱਤੀ ਗਈ। ਡਾ.ਸ਼ਰਮਾ ਨੇ ਕਿਹਾ ਕਿ ਮਰੀਜ਼ ਦਾ creatinine ਪੱਧਰ ਦੋ ਹਫ਼ਤਿਆਂ ਦੇ ਅੰਦਰ ਆਮ ਹੋ ਗਿਆ, ਜਿਸ ਕਰਕੇ ਉਸ ਨੂੰ ਡਾਇਲਸਿਸ ਦੀ ਲੋੜ ਨਹੀਂ ਪਈ।
ਬਰਲੇਵਾਰ ਨੇ ਕਿਹਾ ਕਿ ਦੋ ਅਸਫਲ ਟਰਾਂਸਪਲਾਂਟ ਤੋਂ ਬਾਅਦ ਉਹ ਉਮੀਦ ਗੁਆ ਬੈਠਾ ਸੀ। ਉਸ ਨੇ ਕਿਹਾ ਕਿ ਡਾਇਲਸਿਸ ਨੇ ਉਸ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਸੀਮਤ ਕਰ ਦਿੱਤਾ ਸੀ, ਪਰ ਅੰਮ੍ਰਿਤਾ ਹਸਪਤਾਲ ਵਿੱਚ ਉਸ ਨੂੰ ਇੱਕ ਹੋਰ ਮੌਕਾ ਦਿੱਤਾ। ਉਸ ਨੇ ਕਿਹਾ ਕਿ ਅੱਜ ਉਹ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਬਿਨਾਂ ਕਿਸੇ ਦੀ ਮਦਦ ਦੇ ਪੂਰੀਆਂ ਕਰ ਸਕਦਾ ਹੈ ਅਤੇ ਉਸ ਦੀ ਸਮੁੱਚੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ। -ਪੀਟੀਆਈ