Raja Raghuvanshi murder case: ਮੁਲਜ਼ਮ ਨੇ ਕਤਲ ਤੋਂ ਬਾਅਦ ਇੰਦੌਰ ਵਿੱਚ ਕਿਰਾਏ ’ਤੇ ਲਿਆ ਸੀ ਫਲੈਟ
ਇੰਦੌਰ, 13 ਜੂਨ
ਇੰਦੌਰ ਦੇ ਇੱਕ ਪ੍ਰਾਪਰਟੀ ਮੈਨੇਜਮੈਂਟ ਕਾਰੋਬਾਰੀ ਨੇ ਦਾਅਵਾ ਕੀਤਾ ਹੈ ਕਿ ਸਨਸਨੀਖੇਜ਼ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਇੱਕ ਮੁਲਜ਼ਮ ਨੇ ਕਤਲ ਤੋਂ ਇੱਕ ਹਫ਼ਤਾ ਬਾਅਦ ਉਸ ਤੋਂ ਇੱਕ ਫਲੈਟ ਕਿਰਾਏ ’ਤੇ ਲਿਆ ਸੀ। ਮੇਘਾਲਿਆ ਦੇ ਪੂਰਬੀ ਖਾਸੀ ਹਿਲਜ਼ ਜ਼ਿਲ੍ਹੇ ਵਿੱਚ ਰਾਜਾ ਦੇ ਲਾਪਤਾ ਹੋਣ ਤੋਂ ਬਾਅਦ 23 ਮਈ ਨੂੰ ਸ਼ੁਰੂ ਹੋਈ ਜਾਂਚ ਵਿੱਚ ਉਸ ਦੀ ਪਤਨੀ ਸੋਨਮ, ਉਸਦੇ ਕਥਿਤ ਸਹਿਯੋਗੀ ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ, ਆਨੰਦ ਕੁਰਮੀ ਅਤੇ ਆਕਾਸ਼ ਰਾਜਪੂਤ ਦਾ ਨਾਮ ਸਾਹਮਣੇ ਆਇਆ ਸੀ।
ਇੱਕ ਪ੍ਰਾਪਰਟੀ ਮੈਨੇਜਮੈਂਟ ਫਰਮ ਦੇ ਮਾਲਕ ਸ਼ਿਲੋਮ ਜੇਮਜ਼ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਚੌਹਾਨ 30 ਮਈ ਨੂੰ ਮੈਨੂੰ ਮਿਲਿਆ ਸੀ ਅਤੇ ਦੇਵਾਸ ਨਾਕਾ ਵਿੱਚ 17,000 ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਇੱਕ ਫਲੈਟ ਲਿਆ ਸੀ। ਉਸ ਨੇ ਇੱਕ ਇਕਰਾਰਨਾਮੇ ’ਤੇ ਦਸਤਖਤ ਕੀਤੇ ਅਤੇ 34,000 ਰੁਪਏ ਦੀ ਸਕਿਓਰਟੀ ਰਕਮ ਵੀ ਦਿੱਤੀ। ਮੈਂ ਉਸ ਨੂੰ ਚਾਬੀਆਂ ਸੌਂਪ ਦਿੱਤੀਆਂ ਪਰ ਮੈਨੂੰ ਯਕੀਨ ਨਹੀਂ ਹੈ ਕਿ ਉਹ ਜਾਂ ਉਸਦਾ ਕੋਈ ਸਾਥੀ ਉੱਥੇ ਆਇਆ ਸੀ।’’
ਜੇਮਜ਼ ਨੇ ਦਾਅਵਾ ਕੀਤਾ ਕਿ, ‘‘ਫਲੈਟ ਬੰਦ ਹੈ ਅਤੇ ਚਾਬੀਆਂ ਇਸ ਦੇ ਕਿਰਾਏਦਾਰ ਕੋਲ ਹਨ। ਜਿਸ ਇਮਾਰਤ ਵਿੱਚ ਫਲੈਟ ਸਥਿਤ ਹੈ ਉਹ ਨਵੀਂ ਹੈ ਅਤੇ ਅਜੇ ਤੱਕ ਸੀਸੀਟੀਵੀ ਨਹੀਂ ਹਨ। ਮੈਂ ਪੁਲੀਸ ਨੂੰ ਚੌਹਾਨ ਦੇ ਇਸ ਫਲੈਟ ਨੂੰ ਕਿਰਾਏ ’ਤੇ ਲੈਣ ਬਾਰੇ ਸੂਚਿਤ ਕੀਤਾ ਸੀ।’’ -ਪੀਟੀਆਈ