ਗੁੱਜਰਾਂਵਾਲਾ ’ਚ ਮੀਂਹ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੀ ਯਾਦਗਾਰ ਨੁਕਸਾਨੀ
ਪਾਕਿਸਤਾਨ ਦੇ ਗੁੱਜਰਾਂਵਾਲਾ ਵਿੱਚ ਭਾਰੀ ਮੀਂਹ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੀ ਯਾਦਗਾਰ ਦਾ ਇਕ ਹਿੱਸਾ ਢਹਿ-ਢੇਰੀ ਹੋ ਗਿਆ ਹੈ। ਇਵੈਕਿਊਈ ਪ੍ਰਾਪਰਟੀ ਟਰੱਸਟ ਬੋਰਡ (ਈ ਪੀ ਟੀ ਬੀ) ਦੇ ਤਰਜਮਾਨ ਗੁਲਾਮ ਮੋਹਿਊਦੀਨ ਨੇ ਅੱਜ ਕਿਹਾ, ‘‘ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਲਾਹੌਰ ਤੋਂ ਲਗਪਗ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਦੇ ਸ਼ੇਰਾਂਵਾਲਾ ਬਾਗ ਵਿੱਚ ਸਥਿਤ ਸਰਦਾਰ ਮਹਾਂ ਸਿੰਘ ਦੀ ਸਮਾਧੀ ਦਾ ਇਕ ਹਿੱਸਾ ਢਹਿ ਗਿਆ ਹੈ। ਕਿਸਮਤ ਨਾਲ, ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।’’
ਈ ਪੀ ਟੀ ਬੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਪਵਿੱਤਰ ਅਸਥਾਨਾਂ ਦੀ ਦੇਖਭਾਲ ਕਰਦਾ ਹੈ। ਮੋਹਿਊਦੀਨ ਨੇ ਕਿਹਾ ਕਿ ਘਟਨਾ ਤੋਂ ਬਾਅਦ ਈ ਪੀ ਟੀ ਬੀ ਦੇ ਅਧਿਕਾਰੀਆਂ ਨੇ ਇਕ ਤਕਨੀਕੀ ਟੀਮ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਮਾਰਤ ਦੇ ਆਸ-ਪਾਸ ਸੁਰੱਖਿਆ ਉਪਾਅ ਯਕੀਨੀ ਬਣਾਏ। ਉਨ੍ਹਾਂ ਕਿਹਾ, ‘‘ਇਸ ਇਤਿਹਾਸਕ ਧਰੋਹਰ ਨੂੰ ਸੰਭਾਲਣ ਲਈ ਸਮਾਧੀ ਦੇ ਪੁਨਰਨਿਰਮਾਣ ਅਤੇ ਮੁਰੰਮਤ ਲਈ ਇਕ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ।’’ ਮੋਹਿਊਦੀਨ ਨੇ ਕਿਹਾ ਕਿ ਬੋਰਡ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਕਿਸੇ ਵੀ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਸਮਾਧੀ ਨਾਲ ਲੱਗਦੇ ਸਕੂਲ ਦੀਆਂ ਜਮਾਤਾਂ ਨੂੰ ਅਸਥਾਈ ਤੌਰ ’ਤੇ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਜਾਵੇ।