ਜੈਸ਼ੰਕਰ ਮੁੜ ਰਾਹੁਲ ਗਾਂਧੀ ਦੇ ਨਿਸ਼ਾਨੇ ’ਤੇ, ਕਿਹਾ ਵਿਦੇਸ਼ ਮੰਤਰੀ ਦੀ ਚੁੱਪੀ ‘ਨਿੰਦਣਯੋਗ’
Rahul targets Jaishankar, says his silence is 'damning'
ਨਵੀਂ ਦਿੱਲੀ, 19 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ’ਤੇ ਅੱਜ ਨਵੇਂ ਸਿਰਿਓਂ ਹੱਲਾ ਬੋਲਦਿਆਂ ਕਿਹਾ ਕਿ Operation Sindoor ਤਹਿਤ ਫੌਜੀ ਕਾਰਵਾਈ ਬਾਰੇ ਪਾਕਿਸਤਾਨ ਨੂੰ ਅਗਾਊਂ ਦੱਸਣ ਮਗਰੋਂ ਇਸ ਫੌਜੀ ਟਕਰਾਅ ਦੌਰਾਨ ਭਾਰਤ ਦੇ ਨੁਕਸਾਨੇ ਗਏ ਜਹਾਜ਼ਾਂ ਦੀ ਗਿਣਤੀ ਬਾਰੇ ਜੈਸ਼ੰਕਰ ਦੀ ‘ਚੁੱਪੀ’ ‘ਨਿੰਦਣਯੋਗ’ ਹੈ। ਕਾਂਗਰਸ ਆਗੂ ਨੇ ਇਸ ਤੋਂ ਪਹਿਲਾਂ ਵੀ ਇਸ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਸੇਧਿਆ ਸੀ।
ਗਾਂਧੀ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਦਹਿਸ਼ਤੀ ਟਿਕਾਣਿਆਂ ’ਤੇ ਫੌਜੀ ਹਮਲਿਆਂ ਤੋਂ ਪਹਿਲਾਂ ਪਾਕਿਸਤਾਨ ਨੂੰ ਸੂਚਿਤ ਕੀਤਾ ਸੀ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਵਿਦੇਸ਼ ਮੰਤਰੀ ਦੀ ਚੁੱਪੀ ਸਿਰਫ਼ ਦੱਸ ਹੀ ਨਹੀਂ ਰਹੀ, ਬਲਕਿ ਇਹ ਨਿੰਦਣਯੋਗ ਹੈ। ਲਿਹਾਜ਼ਾ ਮੈਂ ਇਕ ਵਾਰ ਫਿਰ ਪੁੱਛਦਾ ਹਾਂ: ਸਾਡੇ ਕਿੰਨੇ ਭਾਰਤੀ ਜਹਾਜ਼ ਨੁਕਸਾਨੇ ਗਏ ਕਿਉਂਕਿ ਪਾਕਿਸਤਾਨ ਨੂੰ (ਇਨ੍ਹਾਂ ਹਮਲਿਆਂ ਬਾਰੇ) ਪਹਿਲਾਂ ਹੀ ਪਤਾ ਸੀ?’’ ਗਾਂਧੀ ਨੇ ਕਿਹਾ, ‘‘ਇਹ ਕੋਈ ਭੁੱਲ ਨਹੀਂ ਸੀ। ਇਹ ਇੱਕ ਅਪਰਾਧ ਸੀ। ਅਤੇ ਦੇਸ਼ ਸੱਚਾਈ ਦਾ ਹੱਕਦਾਰ ਹੈ।’’
ਗਾਂਧੀ ਨੇ ਪਹਿਲਾਂ ਜੈਸ਼ੰਕਰ ਦੀ ਬਿਨਾਂ ਤਰੀਕ ਵਾਲੀ ਵੀਡੀਓ ਕਲਿੱਪ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ, ‘‘ਸਾਡੇ ਹਮਲੇ ਦੀ ਸ਼ੁਰੂਆਤ ਤੋਂ ਪਹਿਲਾਂ ਪਾਕਿਸਤਾਨ ਨੂੰ ਇਸ ਬਾਰੇ ਸੂਚਿਤ ਕਰਨਾ ਅਪਰਾਧ ਸੀ। ਵਿਦੇਸ਼ ਮੰਤਰੀ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ GOI (ਭਾਰਤ ਸਰਕਾਰ) ਨੇ ਇਹ ਕੀਤਾ ਸੀ।’’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਪੁੱਛਿਆ ਸੀ, ‘‘ਇਸ ਨੂੰ ਕਿਸ ਨੇ ਅਧਿਕਾਰਤ ਕੀਤਾ? ਨਤੀਜੇ ਵਜੋਂ ਸਾਡੀ ਹਵਾਈ ਸੈਨਾ ਨੇ ਕਿੰਨੇ ਜਹਾਜ਼ ਗੁਆਏ।’’ ਵਿਦੇਸ਼ ਮੰਤਰਾਲੇ ਨੇ ਗਾਂਧੀ ਦੇ ਇਨ੍ਹਾਂ ਦਾਅਵਿਆਂ ਨੂੰ ‘ਪੂਰੀ ਤਰ੍ਹਾਂ ਗਲਤ ਪੇਸ਼ਕਾਰੀ’ ਦੱਸਿਆ ਸੀ। -ਪੀਟੀਆਈ

