ਦੁੱਧ ਦੇ ਟੈਂਕਰ ਵਿੱਚ ਸ਼ਰਾਬ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼
ਮਊ (ਯੂਪੀ), 14 ਜੂਨ
ਪੁਲੀਸ ਨੇ ਦੁੱਧ ਦੇ ਟੈਂਕਰ ਵਿੱਚ ਬਣੇ ਇੱਕ ਗੁਪਤ ਖਾਨੇ ਦੀ ਵਰਤੋਂ ਕਰਕੇ ਉੱਤਰ ਪ੍ਰਦੇਸ਼ ਤੋਂ ਬਿਹਾਰ ਵਿੱਚ ਸ਼ਰਾਬ ਦੀ ਗੈਰ-ਕਾਨੂੰਨੀ ਢੰਗ ਨਾਲ ਤਸਕਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮਊ ਵਿਚ ਸ਼ੁੱਕਰਵਾਰ ਨੂੰ ਗੋਰਖਪੁਰ-ਵਾਰਾਣਸੀ ਹਾਈਵੇਅ ਨੇੜੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ 10 ਲੱਖ ਰੁਪਏ ਤੋਂ ਵੱਧ ਦੀ ਇਸ ਖੇਪ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਹਰੋਂ ਇੱਕ ਆਮ ਦੁੱਧ ਦਾ ਟੈਂਕਰ ਦਿਖਾਈ ਦੇਣ ਵਾਲੀ ਗੱਡੀ ਦੇ ਅੰਦਰੋਂ ਦੇਸੀ ਸ਼ਰਾਬ ਦੇ 173 ਡੱਬੇ ਅਤੇ ਵਿਸਕੀ ਪਾਊਚਾਂ (whisky pouches) ਦੇ ਅੱਠ ਡੱਬੇ ਮਿਲੇ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਏਲਾਮਾਰਨ ਜੀ ਨੇ ਕਿਹਾ, ‘‘ਇਹ ਮਊ ਪੁਲੀਸ ਲਈ ਇੱਕ ਵੱਡੀ ਸਫਲਤਾ ਹੈ। ਸ਼ਰਾਬ ਨੂੰ ਦੁੱਧ ਦੇ ਟੈਂਕਰ ਵਿੱਚ ਇੱਕ ਖਾਨੇ ਵਿੱਚ ਛੁਪਾਇਆ ਗਿਆ ਸੀ। ਐੱਫਐੱਸਓ ਟੀਮ ਅਤੇ ਕੋਤਵਾਲੀ ਪੁਲੀਸ ਨੇ ਇੱਕ ਗੁਪਤ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਹਰੂਆ ਨੇੜੇ 10 ਲੱਖ ਰੁਪਏ ਤੋਂ ਵੱਧ ਦੀ ਸ਼ਰਾਬ ਜ਼ਬਤ ਕੀਤੀ।’’ ਉਨ੍ਹਾਂ ਅੱਗੇ ਕਿਹਾ ਕਿ ਸ਼ਰਾਬ ਗਾਜ਼ੀਪੁਰ ਤੋਂ ਲਿਆਂਦੀ ਗਈ ਸੀ ਅਤੇ ਬਿਹਾਰ, ਜਿੱਥੇ ਸ਼ਰਾਬ ’ਤੇ ਪਾਬੰਦੀ ਹੈ, ਵਿੱਚ ਤਸਕਰੀ ਕੀਤੀ ਜਾ ਰਹੀ ਸੀ।
ਅਧਿਕਾਰੀ ਨੇ ਦੱਸਿਆ ਕਿ ਬਾਹਰੋਂ ਟੈਂਕਰ ਅਜਿਹਾ ਲੱਗਦਾ ਸੀ ਜਿਵੇਂ ਇਹ ਦੁੱਧ ਜਾਂ ਹੋਰ ਡੇਅਰੀ ਉਤਪਾਦ ਲੈ ਕੇ ਜਾ ਰਿਹਾ ਹੋਵੇ, ਪਰ ਅੰਦਰੂਨੀ ਬਣਤਰ ਵਿੱਚ ਸ਼ਰਾਬ ਦੀ ਢੋਆ-ਢੁਆਈ ਲਈ ਇੱਕ ਗੁਪਤ ਖਾਨਾ ਬਣਾਇਆ ਗਿਆ ਸੀ।" ਉਨ੍ਹਾਂ ਦੱਸਿਆ ਕਿ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਦੋ ਵਿਅਕਤੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਵਾਹਨ ਦਾ ਡਰਾਈਵਰ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ