ਸਵਾਲ ਬਦਲੇ ਨਗ਼ਦੀ: ਸਦਾਚਾਰ ਕਮੇਟੀ ਨੇ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪੀ
ਨਵੀਂ ਦਿੱਲੀ, 10 ਨਵੰਬਰ
ਲੋਕ ਸਭਾ ਦੀ ਸਦਾਚਾਰ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੇ ‘ਸਵਾਲ ਬਦਲੇ ਨਗ਼ਦੀ’ ਮਾਮਲੇ ਵਿਚ ਟੀਐੱਮਸੀ ਆਗੂ ਮਹੂਆ ਮੋਇਤਰਾ ਖਿਲਾਫ਼ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਨੂੰ ਸੌਂਪ ਦਿੱਤੀ ਹੈ। ਕਮੇਟੀ ਨੇ ਵੀਰਵਾਰ ਨੂੰ ਕੀਤੀ ਬੈਠਕ ਵਿੱਚ 6-4 ਦੇ ਬਹੁਮਤ ਨਾਲ ਰਿਪੋਰਟ ਸਵੀਕਾਰ ਕਰਦਿਆਂ ਮੋਇਤਰਾ ਨੂੰ ਲੋਕ ਸਭਾ ਵਿਚੋਂ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। ਕਮੇਟੀ ਨੇ ‘ਅਨੈਤਿਕ ਵਿਹਾਰ’ ਤੇ ‘ਸਦਨ ਦੀ ਤੌਹੀਨ’ ਨੂੰ ਅਧਾਰ ਬਣਾ ਕੇ ਉਪਰੋਕਤ ਸਿਫਾਰਸ਼ ਕੀਤੀ ਹੈ। ਬੈਠਕ ਵਿੱਚ ਸ਼ਾਮਲ ਦਸ ਮੈਂਬਰਾਂ ਵਿਚੋਂ 6 ਨੇ ਜਿੱਥੇ 479 ਸਫਿਆਂ ਵਾਲੀ ਰਿਪੋਰਟ ਦੀ ਹਮਾਇਤ ਕੀਤੀ, ਉਥੇ ਵਿਰੋਧੀ ਪਾਰਟੀਆਂ ਦੇ ਚਾਰ ਮੈਂਬਰਾਂ ਨੇ ਅਸਹਿਮਤੀ ਜਤਾਈ। ਸੂਤਰਾਂ ਮੁਤਾਬਕ ਬਿਰਲਾ ਇਸ ਵੇਲੇ ਕੋਟਾ ਵਿਚ ਹਨ ਤੇ ਉਨ੍ਹਾਂ ਦੇ ਦੀਵਾਲੀ ਮਗਰੋਂ ਕੌਮੀ ਰਾਜਧਾਨੀ ਪਰਤਣ ਦੀ ਉਮੀਦ ਹੈ। ਇਸ ਮਗਰੋਂ ਹੀ ਉਹ ਰਿਪੋਰਟ ’ਤੇ ਕਾਰਵਾਈ ਦਾ ਫੈਸਲਾ ਲੈਣਗੇ।
ਉੱਧਰ, ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਨਾਲੋਂ ਵੀ ਵੱਡੇ ਫ਼ਤਵੇ ਨਾਲ ਵਾਪਸ ਆਵੇਗੀ। ਮੋਇਤਰਾ ਨੇ ਐਕਸ ’ਤੇ ਪਾਈ ਇਕ ਪੋਸਟ ਵਿੱਚ ਲਿਖਿਆ, ‘‘ਸੰਸਦੀ ਇਤਿਹਾਸ ਵਿੱਚ ਸਦਾਚਾਰ ਕਮੇਟੀ ਵੱਲੋਂ ਅਨੈਤਿਕ ਤਰੀਕੇ ਨਾਲ ਸੰਸਦ ਵਿਚੋਂ ਬਰਖਾਸਤ ਕੀਤੇ ਜਾਣ ਵਾਲਾ ਪਹਿਲੀ ਵਿਅਕਤੀ ਬਣਨ ਦਾ ਮਾਣ ਹੈ। ਪਹਿਲਾਂ ਬਰਖਾਸਤ ਕੀਤਾ ਤੇ ਮਗਰੋਂ ਸਰਕਾਰ ਨੂੰ ਕਿਹਾ ਕਿ ਸੀਬੀਆਈ ਨੂੰ ਸਬੂਤ ਲੱਭਣ ਵਾਸਤੇ ਕਿਹਾ ਜਾਵੇ। ਕੰਗਾਰੂ ਕੋਰਟ...ਸ਼ੁਰੂ ਤੋਂ ਲੈ ਕੇ ਅੰਤ ਤੱਕ ਛਲ ਕਪਟ ਤੇ ਫਰੇਬੀ ਵਤੀਰਾ।’’ -ਪੀਟੀਆਈ