ਕੈਨੇਡਾ ਵਿਚ ਹੜ੍ਹ ਰਾਹਤ ਫੰਡ ਦੀ ਉਗਰਾਹੀ ’ਤੇ ਸਵਾਲ ਉੱਠਣ ਲੱਗੇ
ਪੰਜਾਬ ਵਿੱਚ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦੇ ਨਾਂਅ ਹੇਠ ਕੈਨੇਡਾ ਵਿਚ ਕਈ ਐੱਨਜੀਓ’ਜ਼ ਵੱਲੋਂ ਵੱਖ-ਵੱਖ ਢੰਗ ਨਾਲ ਕੀਤੀ ਜਾ ਰਹੀ ਉਗਰਾਹੀ ’ਤੇ ਸਵਾਲ ਉੱਠਣ ਲੱਗੇ ਹਨ। ਕਿਉਂਕਿ ਉਗਰਾਹੀ ਕਰਨ ਵਾਲੇ ਬਹੁਤੇ ਸੰਗਠਨ ਕੈਨੇਡਾ ’ਚੋਂ ਪੈਸੇ ਉਗਰਾਹ ਕੇ ਭਾਰਤ ਭੇਜਣ ਲਈ ਰਜਿਸਟਰ ਹੀ ਨਹੀਂ ਹਨ। ਸਿਰਫ਼ ਸ਼੍ਰੋਮਣੀ ਕਮੇਟੀ ਇਸ ਬਾਰੇ ਰਜਿਸਟਰ ਹੈ ਤੇ ਉਸ ਉੱਤੇ ਇੰਜ ਦੀ ਕੋਈ ਪਾਬੰਦੀ ਨਹੀਂ।
ਬਰੈਂਪਟਨ ਦੇ ਸਮਾਜ ਸੇਵੀ ਨਰਿੰਦਰ ਸਿੰਘ ਨੇ ਦੱਸਿਆ ਕਿ ਖਾਲਸਾ ਏਡ, ਕੈਨੇਡਾ ਦੇ ਪੰਜਾਬੀ ਰੇਡੀਓ ਸਟੇਸ਼ਨਾਂ ਸਮੇਤ ਹੋਰਨਾਂ ਵਲੋਂ ਉਗਰਾਹੀ ਕੀਤੀ ਜਾ ਰਹੀ ਹੈ, ਪਰ ਇਨ੍ਹਾਂ ਵਿਚੋਂ ਬਹੁਤੇ ਰਜਿਸਟਰੇਸ਼ਨ ਨਾ ਹੋਣ ਕਰਕੇ ਭਾਰਤ ਪੈਸੇ ਨਹੀਂ ਭੇਜ ਸਕਦੇ।
ਇਹ ਵੀ ਪੜ੍ਹੋ:ਕੈਨੇਡਾ: ‘ਖ਼ਾਲਸਾ ਏਡ’ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਦੀ ਰਾਸ਼ੀ ਇਕੱਤਰ
ਇਹ ਵੀ ਪੜ੍ਹੋ: ਆਸਟਰੇਲੀਆ: ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ 2010 ਵਿੱਚ ਵਿਦੇਸ਼ੀ ਯੋਗਦਾਨ ਕਾਨੂੰਨ ਪਾਸ ਕੀਤਾ ਗਿਆ ਸੀ, ਜੋ ਭਾਰਤੀ ਵਿਅਕਤੀਆਂ, ਸੰਗਠਨਾਂ ਤੇ ਕੰਪਨੀਆਂ ਨੂੰ ਵਿਦੇਸ਼ੀ ਫੰਡ ਲੈਣ ਅਤੇ ਵਰਤੋਂ ਕਰਨ ਦੇ ਉਦੇਸ਼ਾਂ ਪ੍ਰਤੀ ਪਾਬੰਦ ਕਰਦਾ ਹੈ। ਕਾਨੂੰਨ ਵਿੱਚ ਵਿਦੇਸ਼ੀ ਪੈਸੇ ਦੀ ਵਰਤੋਂ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਨੂੰ ਉਗਰਾਹੀ ਦੇਣ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਸਬੰਧਤ ਸੰਸਥਾ ਭਾਰਤ ਦੇ ਐੱਫਸੀਆਰਏ ਤਹਿਤ ਰਜਿਸਟਰ ਵੀ ਹੈ ਜਾਂ ਨਹੀਂ।
ਇਸ ਸਬੰਧੀ ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦੇ ਪੀਏ ਤੋਂ ਈਮੇਲ ਰਾਹੀਂ ਸੰਗਠਨ ਦਾ ਪੱਖ ਜਾਨਣ ਦਾ ਯਤਨ ਕੀਤਾ ਗਿਆ, ਪਰ ਖਬਰ ਲਿਖੇ ਜਾਣ ਤੱਕ ਕੋਈ ਉੱਤਰ ਨਹੀਂ ਆਇਆ। 2023 ਵਿੱਚ ਆਏ ਹੜ੍ਹਾਂ ਮੌਕੇ ਇੱਕ ਇੰਟਰਵਿਊ ’ਚ ਰਵੀ ਸਿੰਘ ਨੇ ਮੰਨਿਆ ਸੀ ਕਿ ਰਜਿਸਟਰੇਸ਼ਨ ਨਾ ਹੋਣ ਕਰਕੇ ਉਹ ਵਿਦੇਸ਼ਾਂ ’ਚੋਂ ਇਕੱਤਰ ਹੋਇਆ ਪੈਸਾ ਭਾਰਤ ਨਹੀਂ ਭੇਜ ਸਕੇ। ਭਾਰਤ ਸਰਕਾਰ ਦੀ ਸੂਚੀ ਵਿੱਚ ਵੀ ਖਾਲਸਾ ਏਡ ਦਾ ਨਾਂਅ ਸ਼ਾਮਲ ਹੋਣ ਦੇ ਸੰਕੇਤ ਨਹੀਂ ਮਿਲਦੇ।