ਪੂਤਿਨ ਨੇ ਮੋਦੀ ਨੂੰ ‘ਲਿਮੋਜ਼ਿਨ’ ’ਚ ਦਿੱਤੀ ਲਿਫਟ, ਘੰਟੇ ਤੱਕ ਕਾਰ ’ਚ ਹੋਈ ਗੱਲਬਾਤ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ‘ਔਰਸ ਲਿਮੋਜ਼ਿਨ’ ਕਾਰ ’ਚ ਲਿਫਟ ਦਿੱਤੀ ਅਤੇ ਦੋਵੇਂ ਆਗੂ ਦੁਵੱਲੀ ਵਾਰਤਾ ਵਾਲੀ ਥਾਂ ’ਤੇ ਇਕੱਠੇ ਪਹੁੰਚੇ। ਰੂਸੀ ਰੇਡੀਓ ਸਟੇਸ਼ਨ ‘ਵੇਸਤੀਐੱਫਐੱਮ’ ਮੁਤਾਬਕ ਹੋਟਲ ਪਹੁੰਚਣ ਤੱਕ ਦੋਵੇਂ ਆਗੂਆਂ ਵਿਚਾਲੇ ‘ਲਿਮੋਜ਼ਿਨ’ ’ਚ ਵੀ ਗੱਲਬਾਤ ਜਾਰੀ ਰਹੀ।
ਉਂਝ ਹੋਟਲ ਪਹੁੰਚਣ ’ਤੇ ਵੀ ਦੋਵੇਂ ਆਗੂ ਕਾਰ ’ਚੋਂ ਨਹੀਂ ਉਤਰੇ ਅਤੇ ਉਹ ਕਰੀਬ 50 ਮਿੰਟ ਤੱਕ ਗੱਲਬਾਤ ਕਰਦੇ ਰਹੇ। ਬਾਅਦ ’ਚ ਕ੍ਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਕਾਰ ’ਚ ਕਰੀਬ ਇਕ ਘੰਟੇ ਤੱਕ ਆਹਮੋ-ਸਾਹਮਣੇ ਗੱਲਬਾਤ ਕੀਤੀ। ਮੋਦੀ ਨੇ ਸੋਸ਼ਲ ਮੀਡੀਆ ’ਤੇ ਲਿਮੋਜ਼ਿਨ ਅੰਦਰ ਆਪਣੀ ਅਤੇ ਰੂਸੀ ਰਾਸ਼ਟਰਪਤੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।
ਯੂਕਰੇਨ ਜੰਗ ਲਈ ਪੱਛਮ ਜ਼ਿੰਮੇਵਾਰ: ਪੂਤਿਨ
ਤਿਆਨਜਿਨ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਸਿਖਰ ਸੰਮੇਲਨ ਦੌਰਾਨ ਕਿਹਾ ਕਿ ਯੂਕਰੇਨ ਜੰਗ ਲਈ ਪੱਛਮੀ ਮੁਲਕ ਜ਼ਿੰਮੇਵਾਰ ਹਨ ਕਿਉਂਕਿ ਉਹ ਲਗਾਤਾਰ ਕੀਵ ਨੂੰ ਨਾਟੋ ’ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਰੂਸੀ ਖ਼ਬਰ ਏਜੰਸੀ ਤਾਸ ਨੇ ਕਿਹਾ ਕਿ ਪੂਤਿਨ ਨੇ ਦਾਅਵਾ ਕੀਤਾ ਕਿ ਇਹ ਸੰਕਟ ਮੁੱਖ ਤੌਰ ’ਤੇ ‘2014 ’ਚ ਯੂਕਰੇਨ ’ਚ ਹੋਏ ਤਖ਼ਤਾਪਲਟ ਕਾਰਨ ਪੈਦਾ ਹੋਇਆ ਜਿਸ ਨੂੰ ਪੱਛਮੀ ਮੁਲਕਾਂ ਨੇ ਭੜਕਾਇਆ ਸੀ। ਸੰਕਟ ਦਾ ਦੂਜਾ ਕਾਰਨ ਯੂਕਰੇਨ ਨੂੰ ਨਾਟੋ ’ਚ ਸ਼ਾਮਲ ਕਰਨ ਦੀਆਂ ਪੱਛਮੀ ਮੁਲਕਾਂ ਦੀਆਂ ਲਗਾਤਾਰ ਕੋੋਸ਼ਿਸ਼ਾਂ ਹਨ। ਜਿਵੇਂ ਕਿ ਅਸੀਂ ਵਾਰ ਵਾਰ ਜ਼ੋਰ ਦਿੰਦੇ ਰਹੇ ਹਾਂ ਕਿ ਇਹ ਰੂਸ ਦੀ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ।’’ ਫਰਵਰੀ 2014 ’ਚ ਯੂਕਰੇਨ ਦੀ ਰਾਜਧਾਨੀ ਕੀਵ ’ਚ ਪ੍ਰਦਰਸ਼ਨਕਾਰੀਆਂ ਅਤੇ ਸਰਕਾਰੀ ਸੁਰੱਖਿਆ ਬਲਾਂ ਵਿਚਾਲੇ ਘਾਤਕ ਝੜਪਾਂ ਕਾਰਨ ਤਤਕਾਲੀ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। -ਪੀਟੀਆਈ