DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIR against Rahul Gandhi: ਸੰਸਦ ’ਚ ਧੱਕਾਮੁੱਕੀ ਮਾਮਲੇ ’ਚ ਰਾਹੁਲ ਗਾਂਧੀ ਖਿਲਾਫ਼ ਕੇਸ ਦਰਜ

ਪਾਰਲੀਮੈਂਟ ਪੁਲੀਸ ਥਾਣੇ ਵਿਚ ਦਰਜ ਐਫਆਈਆਰ ’ਚ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਸ਼ਾਮਲ
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 19 ਦਸੰਬਰ

ਦਿੱਲੀ ਪੁਲੀਸ ਨੇ ਅੱਜ ਸਵੇਰੇ ਸੰਸਦ ਭਵਨ ਵਿਚ ਹੋਈ ਧੱਕਾਮੁੱਕੀ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਕੇਸ ਦਰਜ ਕੀਤਾ ਹੈ। ਧੱਕਾਮੁੱਕੀ ਦੌਰਾਨ ਦੋ ਭਾਜਪਾ ਐੱਮਪੀਜ਼ ਜ਼ਖ਼ਮੀ ਹੋ ਗਏ ਸਨ। ਭਾਜਪਾ ਦੀ ਸ਼ਿਕਾਇਤ ਉੱਤੇ ਪਾਰਲੀਮੈਂਟ ਸਟਰੀਟ ਪੁਲੀਸ ਥਾਣੇ ਵਿਚ ਦਰਜ ਐੱਫਆਈਆਰ ਵਿਚ ਭਾਰਤੀ ਨਿਆਏ ਸੰਹਿਤਾ ਦੀ ਧਾਰਾ 117 (ਜਾਣਬੁੱਝ ਕੇ ਗੰਭੀਰ ਸੱਟ ਮਾਰਨ), 115 (ਜਾਣਬੁੱਝ ਕੇ ਸੱਟ ਮਾਰਨ), 125 (ਦੂਜਿਆਂ ਦੀ ਨਿੱਜੀ ਸੁਰੱਖਿਆ ਜਾਂ ਜ਼ਿੰਦਗੀ ਖਤਰੇ ਵਿਚ ਪਾਉਣ), 131 (ਅਪਰਾਧਿਕ ਬਲ ਦੀ ਵਰਤੋਂ), 351 ਤੇ 3(5) ਆਇਦ ਕੀਤੀ ਗਈ ਹੈ। ਭਾਜਪਾ ਨੇ ਸ਼ਿਕਾਇਤ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਉੱਤੇ ‘ਸਰੀਰਕ ਹਮਲੇ ਤੇ ਉਕਸਾਹਟ’ ਦੇ ਦੋਸ਼ ਲਾਏ ਸਨ। ਭਾਜਪਾ ਐੱਮਪੀ ਹੇਮਾਂਤ ਜੋਸ਼ੀ ਨੇ ਅਨੁਰਾਗ ਠਾਕੁਰ ਤੇ ਬਾਂਸੁਰੀ ਸਵਰਾਜ ਨੂੰ ਨਾਲ ਲੈ ਕੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਉਧਰ ਕਾਂਗਰਸ ਨੇ ਵੀ ਇਸੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ।ਭਾਜਪਾ ਦੀ ਮਹਿਲਾ ਐੱਮਪੀ ਨੇ ਰਾਹੁਲ ਗਾਂਧੀ ਉੱਤੇ ‘ਬਦਸਲੂਕੀ’ ਦੇ ਦੋਸ਼ ਲਾਏ ਸਨ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਵਿਚ ਵਿਰੋੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਮਾਰੇ ਧੱਕਿਆਂ ਕਰਕੇ ਉਸ ਦੇ ਦੋ ਸੰਸਦ ਮੈਂਬਰ (ਮੁਕੇਸ਼ ਰਾਜਪੂਤ ਤੇ ਪ੍ਰਤਾਪ ਚੰਦਰ ਸਾਰੰਗੀ) ਜ਼ਖ਼ਮੀ ਹੋ ਗਏ। ਗਾਂਧੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਲਟਾ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਧੱਕੇ ਮਾਰੇ ਗਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਪ੍ਰਦਰਸ਼ਨਕਾਰੀ ਭਾਜਪਾ ਮੈਂਬਰਾਂ ਉੱਤੇ ਉਨ੍ਹਾਂ ਨੂੰ ਧੱਕੇ ਮਾਰਨ ਦਾ ਦੋਸ਼ ਲਾਇਆ ਸੀ। ਖੜਗੇ ਨੇ ਕਿਹਾ ਕਿ ਖਿੱਚ ਧੂਹ ਦੌਰਾਨ ਉਨ੍ਹਾਂ ਦੇ ਗੋਡਿਆਂ ’ਤੇ ਵੀ ਸੱਟ ਲੱਗੀ। ਦੋਵਾਂ ਧਿਰਾਂ ਨੇ ਪਾਰਲੀਮੈਂਟ ਸਟਰੀਟ ਪੁਲੀਸ ਥਾਣੇ ਵਿਚ ਇਕ ਦੂਜੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ। ਉਨ੍ਹਾਂ ਇਕ ਦੂਜੇ ਖਿਲਾਫ਼ ਲੋਕ ਸਭਾ ਤੇ ਰਾਜ ਸਭਾ ਦੇ ਕ੍ਰਮਵਾਰ ਸਪੀਕਰ ਤੇ ਚੇਅਰਮੈਨ ਨੂੰ ਵੀ ਸ਼ਿਕਾਇਤ ਦਿੱੱਤੀ। ਧੱਕਾਮੁੱਕੀ ਦੌਰਾਨ ਜ਼ਖ਼ਮੀ ਹੋਏ ਭਾਜਪਾ ਸੰਸਦ ਮੈਂਬਰਾਂ ਮੁਕੇਸ਼ ਰਾਜਪੂਤ ਤੇ ਪ੍ਰਤਾਪ ਚੰਦਰ ਸਾਰੰਗੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਉੱਤੇ ਗੱਲ ਕਰਕੇ ਦੋਵਾਂ ਦੀ ਸਿਹਤ ਬਾਰੇ ਖ਼ਬਰਸਾਰ ਲਈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਅਜੈ ਸ਼ੁਕਲਾ ਨੇ ਕਿਹਾ ਕਿ ਦੋਵਾਂ ਐੱਮਪੀਜ਼ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ।ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਪੁਲੀਸ ਥਾਣੇ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਸਰੀਰਕ ਹਮਲੇ ਤੇ ਉਕਸਾਉਣ ਲਈ ਰਾਹੁਲ ਗਾਂਧੀ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ।’’

Advertisement

ਦੱਸਣਾ ਬਣਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਐੱਨਡੀਏ ਦੇ ਐੱਮਪੀਜ਼ ਅੱਜ ਸਵੇਰੇ ਪਾਰਲੀਮੈਂਟ ਦੇ ‘ਮਕਰ ਦੁਆਰ’, ਜੋ ਸੰਸਦ ਮੈਂਬਰਾਂ ਦੇ ਆਉਣ ਤੇ ਜਾਣ ਲਈ ਰਾਖਵਾਂ ਹੈ, ਉੱਤੇ ਅੰਬੇਦਕਰ ਦੇ ਨਿਰਾਦਰ ਦੇ ਕਥਿਤ ਕਾਂਗਰਸੀ ਦਾਅਵਿਆਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਉਧਰ ਕਾਂਗਰਸ ਤੇ ਇਸ ਦੀ ਭਾਈਵਾਲ ਪਾਰਟੀਆਂ ਦੇ ਐੱਮਪੀਜ਼ ਕੇਂਦਰ ਮੰਤਰੀ ਅਮਿਤ ਸ਼ਾਹ ਵੱਲੋਂ ਅੰਬੇਦਕਰ ਖਿਲਾਫ਼ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਭਾਜਪਾ ਐੱਮਪੀਜ਼ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਮਕਰ ਦੁਆਰ ਰਾਹੀਂ ਦਾਖ਼ਲ ਹੋਣ ਮੌਕੇ ਸਾਈਡ ਤੋਂ ਜਾਣ ਦੀ ਥਾਂ ਪੌੜੀਆਂ ਉੱਤੇ ਖੜ੍ਹੇ ਭਾਜਪਾ ਮੈਂਬਰਾਂ ਨਾਲ ਧੱਕਾਮੁੱਕੀ ਕੀਤੀ ਤੇ ਇਸ ਦੌਰਾਨ ਦੋ ਭਾਜਪਾ ਮੈਂਬਰਾਂ ਨੂੰ ਸੱਟਾਂ ਲੱਗੀਆਂ। ਉਧਰ ਵਿਰੋਧੀ ਧਿਰ ਦੇ ਐੱਮਪੀਜ਼ ਨੇ ਦਾਅਵਾ ਕੀਤਾ ਕਿ ਭਾਜਪਾ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਰਾਹ ਦੇਣ ਤੋਂ ਨਾਂਹ ਨੁੱਕਰ ਕੀਤੀ।

ਗਾਂਧੀ ਨੇ ਭਾਜਪਾ ਮੈਂਬਰਾਂ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ, ‘‘ਮੈਂ ਸੰਸਦ ਭਵਨ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਜਪਾ ਐੱਮਪੀਜ਼ ਮੈਨੂੰ ਰੋਕ ਰਹੇ ਸਨ। ਉਨ੍ਹਾਂ ਮੈਨੂੰ ਧੱਕੇ ਮਾਰੇ ਤੇ ਧਮਕਾਇਆ।’’ ਇਹ ਘਟਨਾ ਸਵੇਰੇ 11 ਵਜੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਾਪਰੀ। ਪ੍ਰਤਾਪ ਚੰਦਰ ਸਾਰੰਗੀ(69), ਜੋ ਉੜੀਸਾ ਦੇ ਬਾਲਾਸੋਰ ਤੋਂ ਭਾਜਪਾ ਐੱਮਪੀ ਤੇ ਸਾਬਕਾ ਮੰਤਰੀ ਹਨ, ਦੇ ਮੱਥੇ ਦੇ ਖੱਬੇ ਪਾਸੇ ਸੱਟ ਲੱਗੀ। ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਵੀ ਗਾਂਧੀ ਉੱਤੇ ਸੀਨੀਅਰ ਆਗੂਆਂ ਨੂੰ ਧੱਕੇ ਮਾਰਨ ਦਾ ਦੋਸ਼ ਲਾਇਆ। ਗੁੱਸੇ ਵਿਚ ਆਏ ਦੂਬੇ ਨੇ ਗਾਂਧੀ ਨੂੰ ਕਿਹਾ, ‘‘ਤੁਹਾਨੂੰ ਕੋਈ ਸ਼ਰਮ ਹੈ। ਤੁਸੀਂ ਗੁੰਡਾਗਰਦੀ ਕਰ ਰਹੇ ਹੋ। ਤੁਸੀਂ ਇਕ ਬਜ਼ੁਰਗ ਨੂੰ ਧੱਕਾ ਮਾਰਿਆ।’’ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਸ ਮਾਮਲੇ ਵਿਚ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਸੰਸਦ ਸਰੀਰਕ ਜ਼ੋਰ ਦਿਖਾਉਣ ਦੀ ਥਾਂ ਨਹੀਂ ਹੈ। ਇਹ ਕੋਈ ਪਹਿਲਵਾਨੀ ਦਾ ਅਖਾੜਾ ਨਹੀਂ ਹੈ।’’ ਦੂਬੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਚਾਰ ਵਾਰ ਸੰਸਦ ਮੈਂਬਰ ਰਿਹਾ ਹਾਂ। ਮੈਂ ਪਹਿਲੀ ਵਾਰ ਇਹ ਸਭ ਕੁਝ ਦੇਖ ਰਿਹਾ ਹਾਂ।’’

ਉਧਰ ਕਾਂਗਰਸ ਐੱਮਪੀਜ਼ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਮਿਲ ਕੇ ਭਾਜਪਾ ਮੈਂਬਰਾਂ ਦੇ ਰਾਹੁਲ ਗਾਂਧੀ ਖਿਲਾਫ਼ ਕਥਿਤ ਦੁਰਵਿਹਾਰ ਤੇ ਪਾਰਲੀਮੈਂਟ ਹਾਊਸ ਵਿਚ ਦਾਖਲ ਹੋਣ ਤੋਂ ਰੋਕਣ ਦੀ ਸ਼ਿਕਾਇਤ ਕੀਤੀ। ਨਾਗਾਲੈਂਡ ਤੋਂ ਭਾਜਪਾ ਐੱਮਪੀ ਫੈਂਗਨੋਨ ਕੋਨਯਾਕ ਨੇ ਰਾਜ ਸਭਾ ਵਿਚ ਕਿਹਾ ਕਿ ਗਾਂਧੀ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ‘ਬਹੁਤ ਨਜ਼ਦੀਕ’ ਆਏ ਤੇ ਉਸ ਉੱਤੇ ਚੀਕਣ ਲੱਗੇ, ਜਿਸ ਕਰਕੇ ਉਹ ਬਹੁਤ ਅਸਹਿਜ ਹੋ ਗਈ। ਮਹਿਲਾ ਐੱਮਪੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਇਹ ਸਭ ਨਹੀਂ ਸ਼ੋਭਦਾ। ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਵਿਚ ਕਿਹਾ, ‘‘ਕੋਨਯਾਕ ਵੱਲੋਂ ਮੈਨੂੰ ਇਕ ਸ਼ਿਕਾਇਤ ਮਿਲੀ ਹੈ ਤੇ ਉਹ ਮੈਨੂੰ ਮੇਰੇ ਚੈਂਬਰ ਵਿਚ ਵੀ ਮਿਲੀ। ਮੈਂ ਇਸ ਮਾਮਲੇ ’ਤੇ ਗੌਰ ਕਰ ਰਿਹਾ ਹਾਂ। ਉਸ ਦੀਆਂ ਅੱਖਾਂ ਵਿਚ ਅੱਥਰੂ ਸਨ।’’ -ਪੀਟੀਆਈ

Advertisement
×