ਲੰਡਨ ’ਚ ਪੰਜਾਬੀ ਮੁਟਿਆਰ ਨਾਲ ਜਬਰ-ਜਨਾਹ
ਬਰਤਾਨਵੀ ਪੁਲੀਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Advertisement
ਵੈਸਟ ਮਿਡਲੈਂਡਸ ਖ਼ਿੱਤੇ ’ਚ ਭਾਰਤੀ ਮੂਲ ਦੀ 20 ਵਰ੍ਹਿਆਂ ਦੀ ਮੁਟਿਆਰ ਨਾਲ ‘ਨਸਲ’ ਕਾਰਨ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਸ਼ਨਿਚਰਵਾਰ ਸ਼ਾਮ ਵਾਪਰੀ ਘਟਨਾ ਮਗਰੋਂ 32 ਵਰ੍ਹਿਆਂ ਦੇ ਮਸ਼ਕੂਕ ਨੂੰ ਪੈਰੀ ਬੱਰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਵਾਲਸਾਲ ਦੇ ਪਾਰਕ ਹਿੱਲ ਇਲਾਕੇ ’ਚ ਇਕ ਮਹਿਲਾ ਦੇ ਮੁਸ਼ਕਲ ’ਚ ਹੋਣ ਦੀ ਜਾਣਕਾਰੀ ਮਿਲੀ ਸੀ। ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਐਤਵਾਰ ਨੂੰ ਮਸ਼ਕੂਕ ਦੀ ਸੀਸੀਟੀਵੀ ਫੁਟੇਜ ਜਾਰੀ ਕਰਦਿਆਂ ਲੋਕਾਂ ਨੂੰ ਮੁਲਜ਼ਮ ਦੀ ਸੂਹ ਦੇਣ ਦੀ ਅਪੀਲ ਕੀਤੀ ਸੀ। ਟਾਇਰਰ ਨੇ ਕਿਹਾ ਕਿ ਮੁਟਿਆਰ ’ਤੇ ਬੇਹੱਦ ਭਿਆਨਕ ਹਮਲਾ ਸੀ। ਸਥਾਨਕ ਜਥੇਬੰਦੀਆਂ ਮੁਤਾਬਕ ਪੀੜਤਾ ਪੰਜਾਬੀ ਮੂਲ ਦੀ ਮਹਿਲਾ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਓਲਡਬਰੀ ਇਲਾਕੇ ’ਚ ਇਕ ਬਰਤਾਨਵੀ ਸਿੱਖ ਮਹਿਲਾ ਨਾਲ ਵੀ ਉਸ ਦੀ ‘ਨਸਲ’ ਕਾਰਨ ਜਬਰ-ਜਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਲੇ ਦੋਵੇਂ ਮਾਮਲਿਆਂ ਨੂੰ ਆਪਸ ’ਚ ਜੋੜ ਕੇ ਨਹੀਂ ਦੇਖਿਆ ਜਾ ਰਿਹਾ ਹੈ। ਵਾਲਸਾਲ ਪੁਲੀਸ ਦੇ ਚੀਫ਼ ਸੁਪਰਡੈਂਟ ਫਿਲ ਡੋਲਬੀ ਨੇ ਕਿਹਾ ਕਿ ਫਿਰਕੇ ’ਚ ਪੈਦਾ ਹੋਏ ਡਰ ਕਾਰਨ ਇਲਾਕੇ ’ਚ ਪੁਲੀਸ ਨਫ਼ਰੀ ਵਧਾਈ ਜਾਵੇਗੀ। ‘ਸਿੱਖ ਫੈਡਰੇਸ਼ਨ ਯੂਕੇ’ ਨੇ ਦੱਸਿਆ ਕਿ ਵਾਲਸਾਲ ਦੀ ਪੀੜਤਾ ਪੰਜਾਬੀ ਮੁਟਿਆਰ ਹੈ ਅਤੇ ਮੁਲਜ਼ਮ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਘਟਨਾਵਾਂ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
Advertisement
Advertisement
