Punjab News: ਬਠਿੰਡਾ ਡੱਬਵਾਲੀ ਮਾਰਗ ’ਤੇ ਧੁੰਦ ਕਾਰਨ ਤੇਲ ਟੈਂਕਰ ਤੇ ਬੱਸ ਦੀ ਟੱਕਰ
Oil tanker, bus collide on Bathinda/Dabwali road due to fog
ਮਨੋਜ ਸ਼ਰਮਾ
ਬਠਿੰਡਾ, 3 ਜਨਵਰੀ
ਹਲਕਾ ਗਿੱਦੜਬਾਹਾ ਦੇ ਵਿਧਾਇਕ ਡਿੰਪੀ ਢਿੱਲੋਂ ਦੀ ਮਾਲਕੀ ਵਾਲੀ ਨਿਊ ਦੀਪ ਬੱਸ ਤੜਕਸਾਰ ਸੰਘਣੀ ਧੁੰਦ ਕਾਰਨ ਡੱਬਵਾਲੀ ਰੋਡ ਤੇ ਪਿੰਡ ਗੁਰੂਸਰ ਸੈਣੇ ਵਾਲਾ ਅਤੇ ਗ਼ਹਿਰੀ ਬੁੱਟਰ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਬੱਸ ਅਤੇ ਤੇਲ ਟੈਂਕਰ ਦੀ ਆਪਸੀ ਟੱਕਰ ਕਾਰਨ ਵਾਪਰਿਆ। ਗ਼ੌਰਤਲਬ ਹੈ ਕਿ ਬਠਿੰਡਾ ਡੱਬਵਾਲੀ ਰੋਡ ਦੇ ਨਵੀਨਕਰਨ ਕਾਰਨ ਇੱਕ ਪਾਸੇ ਤੋਂ ਆਵਾਜਾਈ ਜਾਰੀ ਹੈ, ਜਿਸ ਕਾਰਨ ਬੱਸ ਤੇ ਟਰੱਕ ਦੀ ਸਾਹਮਣੇ ਤੋਂ ਟੱਕਰ ਹੋ ਗਈ।
ਜਾਣਕਾਰੀ ਅਨੁਸਾਰ ਰਾਮਾ ਮੰਡੀ ਤੋਂ ਰਾਵਨਾ ਹੋਈ ਇਸ ਬੱਸ ਵਿੱਚ 50 ਦੇ ਕਰੀਬ ਸਵਾਰੀਆਂ ਸਨ। ਹਾਦਸੇ ਦੌਰਾਨ 20 ਦੇ ਕਰੀਬ ਸਵਾਰੀਆਂ ਜਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਿਆ ਗਿਆ ਹੈ।
ਇਸ ਸਬੰਧੀ ਡਾਕਟਰਾਂ ਨੇ ਦੱਸਿਆ ਕਿ ਸਵਾਰੀਆਂ ਦੇ ਮਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਿਊ ਗੁਰੂ ਕਾਸੀ ਦੀ ਇੱਕ ਬੱਸ ਪਿੰਡ ਕੋਟਸ਼ਮੀਰ ਅਤੇ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ਵਿੱਚ ਡਿੱਗ ਪਈ ਸੀ ਜਿਸ ਵਿੱਚ 8 ਦੀ ਮੌਤ ਹੋ ਗਈ ਸੀ 45 ਸਵਾਰੀਆਂ ਜ਼ਖਮੀ ਹੋ ਗਈਆਂ ਸਨ।

