Punjab News: 50 ਲੱਖ ਦੀ ਫਿਰੌਤੀ ਮੰਗਣ ਦੇ ਕੇਸ ’ਚੋਂ Lawrence Bishnoi ਬਰੀ
ਕੋਟਕਪੂਰਾ ਦੇ ਵਪਾਰੀ ਤੋਂ ਕਥਿਤ 50 ਲੱਖ ਫਿਰੌਤੀ ਮੰਗਣ ਦਾ ਮਾਮਲਾ; ਅਦਾਲਤ ਵਿਚ ਆਪਣੇ ਬਿਆਨਾਂ ਤੋਂ ਮੁੱਕਰਿਆ ਸ਼ਿਕਾਇਤ ਕਰਤਾ ਕਾਰੋਬਾਰੀ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 29 ਜਨਵਰੀ
Punjab News: ਦੇਸ਼ ਭਰ ਵਿੱਚ 87 ਦੇ ਕਰੀਬ ਫੌਜਦਾਰੀ ਮੁਕੱਦਮਿਆਂ ਵਿਚ ਫਸੇ ਹੋਏ ਲਾਰੈਂਸ ਬਿਸ਼ਨੋਈ ਨੂੰ ਬੁੱਧਵਾਰ ਨੂੰ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਨੇ ਕੋਟਕਪੂਰਾ ਦੇ ਇੱਕ ਵਪਾਰੀ ਤੋਂ ਕਥਿਤ ਤੌਰ 'ਤੇ 50 ਲੱਖ ਰੁਪਏ ਫਿਰੌਤੀ ਮੰਗਣ ਦੇ ਇਲਜ਼ਾਮਾਂ ਵਿੱਚੋਂ ਬਰੀ ਕਰ ਦਿੱਤਾ ਹੈ।
ਗ਼ੌਰਤਲਬ ਹੈ ਕਿ ਲਾਰੈਂਸ ਬਿਸ਼ਨੋਈ ਇਸ ਵੇਲੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਨਜ਼ਰਬੰਦ ਹੈ ਅਤੇ ਭਾਰਤ ਸਰਕਾਰ ਨੇ ਅਗਸਤ 2025 ਤੱਕ ਲਾਰੈਂਸ ਬਿਸ਼ਨੋਈ ਦੇ ਕਿਤੇ ਵੀ ਜਾਣ ਜਾਂ ਲਿਜਾਏ ਜਾਣ ਉੱਪਰ ਪਾਬੰਦੀ ਹੋਈ ਹੈ।
ਭਾਵ ਉਸ ਨੂੰ ਪਾਬੰਦੀ ਦੌਰਾਨ ਭਾਰਤ ਦੀ ਕਿਸੇ ਅਦਾਲਤ, ਜੇਲ੍ਹ ਜਾਂ ਹੋਰ ਥਾਣੇ ਵਿੱਚ ਨਹੀਂ ਲਿਜਾਇਆ ਜਾ ਸਕਦਾ। ਇਸ ਦੇ ਮੱਦੇਨਜ਼ਰ ਲਾਰੈਂਸ ਬਿਸ਼ਨੋਈ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ, ਪਰ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਖਿਲਾਫ਼ ਫਿਰੌਤੀ ਮੰਗਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰਵਾਉਣ ਵਾਲਾ ਕਾਰੋਬਾਰੀ ਅਦਾਲਤ ਵਿੱਚ ਆਪਣੇ ਬਿਆਨ ਮੁੱਕਰ ਗਿਆ ਅਤੇ ਉਸ ਨੇ ਕਿਹਾ ਕਿ ਉਸ ਨੇ ਲਾਰੈਂਸ ਬਿਸ਼ਨੋਈ ਖਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ।
ਇਹ ਵੀ ਪੜ੍ਹੋ:
Punjab News: ਲਾਰੈਂਸ ਇੰਟਰਵਿਊ ਮਾਮਲੇ ’ਚ ਡੀਐੱਸਪੀ ਸੰਧੂ ਬਰਖ਼ਾਸਤ
ਲਾਰੈਂਸ ਇੰਟਰਵਿਊ: ਡੀਜੀਪੀ ਦੇ ਬਿਆਨ ਦੀ ਕਾਪੀ ਪੇਸ਼ ਕਰਨ ਦੇ ਹੁਕਮ
Video – Punjab News: ਪੁਲੀਸ ਵੱਲੋਂ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਦੋ ਮੈਂਬਰ ਕਾਬੂ
ਲਾਰੈਂਸ ਬਿਸ਼ਨੋਈ ਇਸ ਤੋਂ ਪਹਿਲਾਂ ਚਾਰ ਹੋਰ ਮੁਕੱਦਮਿਆਂ ਵਿੱਚੋਂ ਬਰੀ ਹੋ ਚੁੱਕਾ ਹੈ। ਇਸ ਮੁਕੱਦਮੇ ਵਿੱਚ ਲਾਰੈਂਸ ਸਿਰਫ਼ ਇੱਕ ਵਾਰ ਪੁਲੀਸ ਸੁਰੱਖਿਆ ਤਹਿਤ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਇਆ ਸੀ।
ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਕੁਮਾਰ ਮਿੱਤਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੇ ਸ਼ਿਕਾਇਤ ਕਰਤਾ ਤੋਂ ਕਦੇ ਫਿਰੌਤੀ ਨਹੀਂ ਮੰਗੀ ਅਤੇ ਪੁਲੀਸ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ। ਦੂਜੇ ਪਾਸੇ ਪੁਲੀਸ ਨੇ ਅਦਾਲਤ ਵਿੱਚ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਵੱਟਸਐੱਪ ਰਾਹੀਂ ਫੋਨ ਕਰਕੇ ਸ਼ਿਕਾਇਤ ਕਰਤਾ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਸੀ ਅਤੇ ਪੜਤਾਲ ਦੌਰਾਨ ਇਹ ਇਲਜ਼ਾਮ ਸਹੀ ਪਾਏ ਗਏ ਸਨ।
ਇਸ ਦੇ ਬਾਅਦ ਹੀ ਪੁਲੀਸ ਨੇ ਲਾਰੈਂਸ ਬਿਸ਼ਨੋਈ ਖਿਲਾਫ਼ ਪਰਚਾ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ।