Punjab News: ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ, 17 ਸਾਲਾ ਨੌਜਵਾਨ ਦੀ ਮੌਤ
ਜਸਪਾਲ ਸਿੰਘ ਸੰਧੂ
ਮੱਲਾਂਵਾਲਾ, 17 ਜੂਨ
ਬੀਤੀ ਰਾਤ ਮੱਲਾਂਵਾਲਾ ਨੇੜਲੇ ਪਿੰਡ ਭਾਗੋ ਕੇ ਵਿੱਚ ਜ਼ਮੀਨ ਨੂੰ ਲੈ ਕੇ ਹੋਈ ਝਗੜੇ ਦੌਰਾਨ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਉਰਫ ਗੋਲਡੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬਸਤੀ ਗੁਰੂ ਤੇਗ ਬਹਾਦਰ ਨਗਰ (ਪਿੰਡ ਭਾਗੋਕੇ) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ 16-17 ਜੂਨ ਦੀ ਦਰਮਿਆਨੀ ਰਾਤ ਕਰਮਜੀਤ ਸਿੰਘ ਉਰਫ ਗੋਲਡੀ ਵਾਸੀ ਪਿੰਡ ਭਾਗੋਕੇ ਅਤੇ ਪਰਦੀਪ ਸਿੰਘ ਵਾਸੀ ਬਸਤੀ ਗੁਰੂ ਤੇਗ ਬਹਾਦਰ ਨਗਰ (ਪਿੰਡ ਭਾਗੋਕੇ) ਵਿਚਕਾਰ ਤਕਰੀਬਨ 1.5 ਮਰਲੇ ਖੇਤੀਬਾੜੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਅਮਰਜੀਤ ਸਿੰਘ ਨੇ ਕਰਮਜੀਤ ਸਿੰਘ ਅਤੇ ਉਸਦੇ ਸਾਥੀਆਂ 'ਤੇ ਆਪਣੀ ਪਿਸਟਲ ਨਾਲ ਗੋਲੀਆਂ ਚਲਾਈਆਂ।
ਨਤੀਜੇ ਵਜੋਂ ਕਰਮਜੀਤ ਸਿੰਘ (17), ਸੰਦੀਪ ਸਿੰਘ (42) ਪੁੱਤਰ ਨਿਸ਼ਾਨ ਸਿੰਘ ਅਤੇ ਗੁਰਬੀਰ ਸਿੰਘ (30) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਭਾਗੋਕੇ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਜਾਇਆ ਗਿਆ।
ਹਸਪਤਾਲ ਵਿਚ ਡਾਕਟਰਾਂ ਨੇ ਕਰਮਜੀਤ ਸਿੰਘ (17) ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਾਕੀਆਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੱਲਾਂਵਾਲਾ ਦੀ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।