ਪੰਜਾਬ ਸਰਕਾਰ ਦਾ ਮਹਿਕਮਾ ‘ਗੁਆਚਾ’
ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਹ ਮਹਿਕਮਾ ਸੌਂਪਿਆ ਹੋਇਆ ਸੀ ਜੋ ਅਸਲ ਵਿੱਚ ਹੈ ਹੀ ਨਹੀਂ। ਕਰੀਬ 20 ਮਹੀਨੇ ਮਗਰੋਂ ਪੰਜਾਬ ਸਰਕਾਰ ਨੂੰ ਪਤਾ ਲੱਗਾ ਕਿ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਦਾ ਤਾਂ ਵਜੂਦ ਹੀ ਨਹੀਂ, ਜਿਸ ਨੂੰ ਕੈਬਨਿਟ ਮੰਤਰੀ ਧਾਲੀਵਾਲ ਹਵਾਲੇ ਕੀਤਾ ਹੋਇਆ ਸੀ। ਮੰਤਰੀ ਧਾਲੀਵਾਲ ਕੋਲ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੀ ਜੋ ਸਰਕਾਰ ਨੇ ਵਾਪਸ ਲੈ ਲਿਆ ਸੀ।
ਪੰਜਾਬ ਸਰਕਾਰ ਨੇ ਫੇਰਬਦਲ ਕਰਕੇ ਕੁਲਦੀਪ ਧਾਲੀਵਾਲ ਨੂੰ ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿੱਤਾ ਸੀ। ਪਤਾ ਲੱਗਿਆ ਹੈ ਕਿ ਕੁਲਦੀਪ ਧਾਲੀਵਾਲ ਕਰੀਬ ਵੀਹ ਮਹੀਨੇ ਤੋਂ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਲੱਭਦੇ ਰਹੇ। ਉਨ੍ਹਾਂ ਨੂੰ ਨਾ ਮਹਿਕਮਾ ਲੱਭਿਆ ਤੇ ਨਾ ਹੀ ਮਹਿਕਮੇ ਦਾ ਕੋਈ ਦਫ਼ਤਰ। ‘ਲਾਪਤਾ’ ਮਹਿਕਮੇ ਕੋਲ ਨਾ ਕੋਈ ਸੇਵਾਦਾਰ ਹੈ ਅਤੇ ਨਾ ਹੀ ਸਕੱਤਰ। ਨਾ ਹੀ ਕਦੇ ਇਸ ਮਹਿਕਮੇ ਦੀ ਕਦੇ ਕੋਈ ਮੀਟਿੰਗ ਹੋਈ।
ਪੰਜਾਬ ਸਰਕਾਰ ਨੇ ਹੁਣ ਆਪਣੀ ਗਲਤੀ ’ਚ ਸੁਧਾਰ ਕੀਤਾ ਹੈ ਅਤੇ ਕੈਬਨਿਟ ਮੰਤਰੀ ਧਾਲੀਵਾਲ ਤੋਂ ਉਹ ਮਹਿਕਮਾ ਵਾਪਸ ਲੈ ਲਿਆ ਹੈ, ਜੋ ਅਸਲ ਵਿਚ ਮੌਜੂਦ ਹੀ ਨਹੀਂ ਸੀ। ਹੁਣ ਧਾਲੀਵਾਲ ਕੋਲ ਐੱਨਆਰਆਈ ਵਿਭਾਗ ਹੀ ਰਹੇਗਾ। ਅਜੀਬ ਗੱਲ ਹੈ ਕਿ ਇਹ ਮਹਿਕਮਾ ਸਰਕਾਰੀ ਰਿਕਾਰਡ ’ਚ ਹੀ ਚੱਲਦਾ ਜਾਪ ਰਿਹਾ ਹੈ, ਜਦੋਂ ਹੀ ਸਰਕਾਰ ਨੂੰ ਇਸ ਦੀ ਭਿਣਕ ਪਈ ਤਾਂ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਜਿਨ੍ਹਾਂ ਦੀ ਸਲਾਹ ’ਤੇ ਹੁਣ 23 ਸਤੰਬਰ 2024 ਨੂੰ ਜਾਰੀ ਹੋਏ ਨੋਟੀਫ਼ਿਕੇਸ਼ਨ ਵਿਚ ਅੱਜ ਸੋਧ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਧਾਲੀਵਾਲ ਇਸ ਮਹਿਕਮੇ ਦੇ ਕੰਮਕਾਰ ਨੂੰ ਤਲਾਸ਼ਦੇ ਰਹੇ ਹਨ।
ਕੁਲਦੀਪ ਸਿੰਘ ਧਾਲੀਵਾਲ ਪੰਜਾਬ ਕੈਬਨਿਟ ਵਿਚ ਸੀਨੀਅਰ ਮੰਤਰੀ ਹਨ ਅਤੇ ਸਿਆਸੀ ਪਿਛੋਕੜ ਹੋਣ ਕਰਕੇ ਚੰਗੀ ਸਿਆਸੀ ਸਮਝ ਵੀ ਰੱਖਦੇ ਹਨ। ਜਦੋਂ ‘ਆਪ’ ਸਰਕਾਰ ਬਣੀ ਸੀ ਤਾਂ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਤਰੀ ਬਣਾਇਆ ਗਿਆ ਤੇ ਉਨ੍ਹਾਂ ਨੂੰ ਖੇਤੀ ਮਹਿਕਮੇ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਿੱਤਾ ਗਿਆ ਸੀ। ਮਗਰੋਂ ਉਨ੍ਹਾਂ ਤੋਂ ਇਹ ਦੋਵੇਂ ਮਹਿਕਮੇ ਵਾਪਸ ਲੈ ਲਏ ਗਏ ਸਨ।
ਆਮ ਆਦਮੀ ਪਾਰਟੀ ਦੇ ਕਹਿਣ ’ਤੇ ਕੁਲਦੀਪ ਸਿੰਘ ਧਾਲੀਵਾਲ ਅਮਰੀਕਾ ਦੀ ਨਾਗਰਿਕਤਾ ਛੱਡ ਕੇ ਪੰਜਾਬ ਆਏ ਸਨ। ਉਨ੍ਹਾਂ ਔਖੇ ਵੇਲਿਆਂ ਵਿੱਚ ਪਾਰਟੀ ਦਾ ਸਾਥ ਦਿੱਤਾ ਸੀ।