ਕੇਬਲ ਕਾਰ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ; 24 ਜ਼ਖਮੀ
ਨੇਪਾਲ ਦੇ ਤਾਪਲੇਜੁੰਗ ਜ਼ਿਲ੍ਹੇ ਦੇ ਪਾਥੀਭਾਰਾ ਖੇਤਰ ਵਿੱਚ ਇੱਕ ਕੇਬਲ ਕਾਰ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ ਜਿਸ ਵਿੱਚ 12 ਸੁਰੱਖਿਆ ਕਰਮਚਾਰੀਆਂ ਸਣੇ 24 ਜਣੇ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਪਾਥੀਭਾਰਾ ਵਿਚ ‘ਨੋ ਕੇਬਲ ਕਾਰ’ ਗਰੁੱਪ ਕੇਬਲ ਕਾਰ ਦੇ ਨਿਰਮਾਣ ਦਾ ਇਸ ਲਈ ਵਿਰੋਧ ਕਰ ਰਿਹਾ ਹੈ ਕਿ ਇਸ ਪ੍ਰਾਜੈਕਟ ਨਾਲ ਖੇਤਰ ਦੀ ਇਤਿਹਾਸਕ ਪਛਾਣ ਮਿਟ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਫੁੰਗਲਿੰਗ ਵਿੱਚ ਸੁਰੱਖਿਆ ਬਲਾਂ ਅਤੇ ‘ਨੋ ਕੇਬਲ ਕਾਰ ਗਰੁੱਪ’ ਦਰਮਿਆਨ ਝੜਪਾਂ ਦੌਰਾਨ 12 ਸੁਰੱਖਿਆ ਕਰਮਚਾਰੀਆਂ ਸਮੇਤ ਘੱਟੋ-ਘੱਟ 24 ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਿੰਸਾ ਦੇ ਦੋਸ਼ ਹੇਠ 15 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝੜਪਾਂ ਤੋਂ ਬਾਅਦ ਐਤਵਾਰ ਸਵੇਰ ਤੋਂ ਤਾਪਲੇਜੁੰਗ ਜ਼ਿਲ੍ਹਾ ਅਧਿਕਾਰੀਆਂ ਨੇ ਫੰਗਲਿੰਗ ਬਾਜ਼ਾਰ ਅਤੇ ਪਾਥੀਭਾਰਾ ਖੇਤਰ ਸਮੇਤ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਜ਼ੋਨਾਂ ਵਿੱਚ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਸਮਾਗਮ ਕਰਨ, ਜਲੂਸ, ਪ੍ਰਦਰਸ਼ਨਾਂ ਅਤੇ ਹੋਰ ਗਤੀਵਿਧੀਆਂ ਦੀ ਮਨਾਹੀ ਹੋਵੇਗੀ।
ਤਾਪਲੇਜੁੰਗ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰ ਪ੍ਰਸਾਦ ਸ਼ਰਮਾ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੰਗਲਿੰਗ ਬਾਜ਼ਾਰ ਅਤੇ ਪਾਥੀਭਾਰਾ ਖੇਤਰਾਂ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਪਤਾ ਲੱਗਿਆ ਹੈ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਜਾਣ ਕਾਰਨ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। -ਪੀਟੀਆਈ