ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁਖੀ ਆਸਿਮ ਮੁਨੀਰ ਵ੍ਹਾਈਟ ਹਾਊਸ ’ਚ ਟਰੰਪ ਨੂੰ ਮਿਲੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ। ਸ਼ਰੀਫ਼ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਇਜਲਾਸ ਲਈ ਅਮਰੀਕਾ ਵਿਚ ਹਨ ਤੇ ਅੱਜ (ਸ਼ੁੱਕਰਵਾਰ) ਯੂਐੱਨ ਜਨਰਲ ਅਸੈਂਬਲੀ ਦੇ ਪੋਡੀਅਮ ਤੋਂ ਸੰਬੋਧਨ ਕਰਨਗੇ।
ਨਿਊਯਾਰਕ ਤੋਂ ਅਮਰੀਕੀ ਰਾਜਧਾਨੀ ਦੀ ਆਪਣੀ ਸੰਖੇਪ ਫੇਰੀ ਦੌਰਾਨ ਸ਼ਰੀਫ਼ ਵੀਰਵਾਰ ਨੂੰ ਟਰੰਪ ਨੂੰ ਮਿਲੇ। ਸ਼ਾਹਬਾਜ਼ ਸ਼ਰੀਫ ਦੀ ਇਹ ਵ੍ਹਾਈਟ ਹਾਊਸ ਦੀ ਪਹਿਲੀ ਫੇਰੀ ਹੈ। ਟਰੰਪ ਨੇ ਪਿਛਲੇ ਕੁਝ ਮਹੀਨਿਆਂ ਵਿਚ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਦੀ ਵ੍ਹਾਈਟ ਹਾਊਸ ਵਿਚ ਦੁਪਹਿਰੇ ਦੇ ਖਾਣੇ ’ਤੇ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਸ਼ਾਹਬਾਜ਼ ਸ਼ਰੀਫ਼ ਮੰਗਲਵਾਰ ਨੂੰ ਨਿਊ ਯਾਰਕ ਵਿਚ ਯੂਐਨਜੀਏ ਸੈਸ਼ਨ ਤੋਂ ਇਕਪਾਸੇ ਟਰੰਪ ਨੂੰ ਮਿਲੇ। ਅਮਰੀਕੀ ਰਾਸ਼ਟਰਪਤੀ ਨੇ ਅਰਬ ਦੇਸ਼ਾਂ ਅਤੇ ਹੋਰ ਦੇਸ਼ਾਂ ਦੇ ਆਗੂਆਂ, ਜਿਨ੍ਹਾਂ ਵਿੱਚ ਮਿਸਰ, ਇੰਡੋਨੇਸ਼ੀਆ, ਕਤਰ, ਸਾਊਦੀ ਅਰਬ ਅਤੇ ਤੁਰਕੀ ਸ਼ਾਮਲ ਸਨ, ਨਾਲ ਇੱਕ ਬਹੁਪੱਖੀ ਮੀਟਿੰਗ ਕੀਤੀ ਸੀ।
ਸ਼ਰੀਫ਼ ਸ਼ਾਮੀਂ 4.52 ਵਜੇ ਦੇ ਕਰੀਬ ਵ੍ਹਾਈਟ ਹਾਊਸ ਪਹੁੰਚੇ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਦੋਂ ਸ਼ਰੀਫ਼ ਅਤੇ ਮੁਨੀਰ ਵ੍ਹਾਈਟ ਹਾਊਸ ਪਹੁੰਚੇ ਤਾਂ ਟਰੰਪ ਨੇ ਕਈ ਕਾਰਜਕਾਰੀ ਆਦੇਸ਼ਾਂ ’ਤੇ ਦਸਤਖਤ ਕੀਤੇ ਅਤੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵ੍ਹਾਈਟ ਹਾਊਸ ਪੂਲ ਦੇ ਅਨੁਸਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਮੋਟਰ ਕਾਫ਼ਲੇ ਨੂੰ ਸ਼ਾਮੀਂ 6.18 ਵਜੇ ਦੇ ਕਰੀਬ ਵ੍ਹਾਈਟ ਹਾਊਸ ਤੋਂ ਨਿਕਲਦੇ ਦੇਖਿਆ ਗਿਆ।