ਪ੍ਰਧਾਨ ਮੰਤਰੀ ਦਾ ਜੰਮੂ ਕਸ਼ਮੀਰ ਦੌਰਾ 6 ਨੂੰ, ਵਿਸ਼ਵ ਦੇ ਸਭ ਤੋਂ ਉੱਚੇ ਚਨਾਬ ਪੁਲ ਦਾ ਕਰਨਗੇ ਉਦਘਾਟਨ
Operation Sindoor ਮਗਰੋਂ ਪ੍ਰਧਾਨ ਮੰਤਰੀ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪਲੇਠੀ ਫੇਰੀ
ਅਦਿੱਤੀ ਟੰਡਨ
ਨਵੀਂ ਦਿੱਲੀ, 3 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਜੂੂਨ ਨੂੰ ਜੰਮੂ ਕਸ਼ਮੀਰ ਦੀ ਫੇਰੀ ਦੌਰਾਨ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ‘ਚਨਾਬ ਪੁਲ’ ਦਾ ਉਦਘਾਟਨ ਕਰਨਗੇ। ਪਹਿਲਗਾਮ ਦਹਿਸ਼ਤੀ ਹਮਲੇ ਤੇ Operation Sindoor ਤਹਿਤ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਮਗਰੋਂ ਪ੍ਰਧਾਨ ਮੰਤਰੀ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਅੱਜ ਕਿਹਾ ਕਿ ਇਤਿਹਾਸ ਬਣਨ ਲਈ ਸਿਰਫ਼ ਤਿੰਨ ਦਿਨ ਬਾਕੀ ਹਨ।
ਕੇਂਦਰੀ ਮੰਤਰੀ ਨੇ ਕਿਹਾ, ‘‘ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਪੁਲ, ਸ਼ਕਤੀਸ਼ਾਲੀ ਚਿਨਾਬ ਪੁਲ, ਊਧਮਪੁਰ ਸ੍ਰੀਨਗਰ ਬਾਰਾਮੂਲਾ ਰੇਲਵੇ ਲਿੰਕ (USBRL) ਦੇ ਹਿੱਸੇ ਵਜੋਂ ਜੰਮੂ ਕਸ਼ਮੀਰ ਵਿਚ ਉੱਚਾ ਖੜ੍ਹਾ ਹੈ। ਇਹ ਕੁਦਰਤ ਦੀ ਸਭ ਤੋਂ ਔਖੀ ਅਜ਼ਮਾਇਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ 6 ਜੂਨ ਨੂੰ ਚਨਾਬ ਪੁਲ ਦਾ ਉਦਘਾਟਨ ਕਰਨਗੇ। ਇਹ ਪੁਲ ਨਵੇਂ ਭਾਰਤ ਦੀ ਤਾਕਤ ਤੇ ਦੂਰਦਰਸ਼ੀ ਸੋਚ ਦਾ ਗੌਰਵਮਈ ਪ੍ਰਤੀਕ ਹੈ।’’
ਚਨਾਬ ਦਰਿਆ ਉੱਤੇ 359 ਮੀਟਰ (1,178 ਫੁੱਟ) ਦੀ ਉਚਾਈ ’ਤੇ ਬਣਿਆ ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਅਤੇ ਕੌਰੀ ਵਿਚਕਾਰ ਬਣਿਆ ਆਰਕ ਪੁਲ ਦਰਿਆ ਦੇ ਤਲ ਤੋਂ 1,178 ਫੁੱਟ ਉੱਚਾ ਹੈ, ਜੋ ਕੱਟੜਾ ਤੋਂ ਬਨੀਹਾਲ ਤੱਕ ਇੱਕ ਮਹੱਤਵਪੂਰਨ ਲਿੰਕ ਹੈ। ਇਹ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ (USBRL) ਦਾ ਹਿੱਸਾ ਹੈ, ਜੋ 35000 ਕਰੋੜ ਰੁਪਏ ਦਾ ਸੁਪਨਮਈ ਪ੍ਰੋਜੈਕਟ ਹੈ। ਪੁਲ ਨੇ ਸਾਰੇ ਲਾਜ਼ਮੀ ਟੈਸਟ ਪਾਸ ਕਰ ਲਏ ਹਨ।
ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਦੋ ਦਹਾਕਿਆਂ ਦੀ ਉਡੀਕ ਮਗਰੋਂ ਇਹ ਪੁਲ ਮਿਲੇਗਾ। ਇਹ ਪ੍ਰੋਜੈਕਟ 2003 ਵਿੱਚ ਮਨਜ਼ੂਰ ਹੋਇਆ ਸੀ ਪਰ ਸਥਿਰਤਾ ਅਤੇ ਸੁਰੱਖਿਆ ਦੇ ਡਰ ਕਾਰਨ ਪ੍ਰਾਜੈਕਟ ਦੇਰੀ ਨਾਲ ਸ਼ੁਰੂ ਹੋਇਆ। ਸਾਲ 2008 ਵਿੱਚ ਰੇਲਵੇ ਪੁਲ ਦੇ ਨਿਰਮਾਣ ਦਾ ਠੇਕਾ ਦਿੱਤਾ ਗਿਆ ਸੀ। ਪੁਲ ਦੀ ਸਥਿਰਤਾ ਅਤੇ ਸੁਰੱਖਿਆ ਦੀ ਜਾਂਚ ਕਰਨ ਲਈ ਕੀਤੇ ਗਏ ਟੈਸਟਾਂ ਵਿੱਚ ਉੱਚ-ਰਫ਼ਤਾਰ ਵਾਲੀਆਂ ਹਵਾਵਾਂ ਦੀ ਜਾਂਚ, ਸਿਖਰਲੇ ਤਾਪਮਾਨ ਦੀ ਜਾਂਚ, ਭੂਚਾਲ-ਸੰਭਾਵੀ ਟੈਸਟ ਅਤੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਹਾਈਡ੍ਰੋਲੋਜੀਕਲ ਪ੍ਰਭਾਵ ਸ਼ਾਮਲ ਹਨ। ਉਦਘਾਟਨ ਮਗਰੋਂ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅਤੇ ਇਸ ਦੀ ਉਮਰ 120 ਸਾਲ ਹੋਵੇਗੀ।