ਮਲੇਸ਼ੀਆ ਵਿਚ ਆਸੀਆਨ ਸੰਮੇਲਨ ’ਚ ਵਰਚੁਅਲੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ
ਮਲੇਸ਼ਿਆਈ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਕਸ ’ਤੇ ਇਕ ਪੋਸਟ ’ਚ ਕੀਤਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਲਾਲੰਪੁਰ ਵਿੱਚ ਹੋਣ ਵਾਲੇ 47ਵੇਂ ਆਸੀਆਨ ਸੰਮੇਲਨ ਵਿੱਚ ਵਰਚੁਅਲੀ ਸ਼ਾਮਲ ਹੋਣਗੇ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਵੀਰਵਾਰ ਨੂੰ ਐਕਸ ’ਤੇ ਇਕ ਪੋਸਟ ਵਿਚ ਇਹ ਜਾਣਕਾਰੀ ਸਾਂਝੀ ਕੀਤੀ। ਅਨਵਰ ਨੇ ਕਿਹਾ ਕਿ ਉਨ੍ਹਾਂ ਨੇ ਮਲੇਸ਼ੀਆ-ਭਾਰਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ’ਤੇ ਚਰਚਾ ਕਰਨ ਲਈ ‘ਮੋਦੀ ਦੇ ਇੱਕ ਸਹਿਯੋਗੀ’ ਨਾਲ ਫ਼ੋਨ ’ਤੇ ਗੱਲਬਾਤ ਕੀਤੀ।
ਉਨ੍ਹਾਂ ਕਿਹਾ, ‘‘ਲੰਘੀ ਰਾਤ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਸਹਿਯੋਗੀ ਦਾ ਫੋਨ ਆਇਆ, ਜਿਸ ਵਿੱਚ ਮਲੇਸ਼ੀਆ-ਭਾਰਤ ਦੁਵੱਲੇ ਸਬੰਧਾਂ ਨੂੰ ਰਣਨੀਤਕ ਅਤੇ ਵਿਆਪਕ ਪੱਧਰ ’ਤੇ ਮਜ਼ਬੂਤ ਕਰਨ ਦੇ ਯਤਨਾਂ ਬਾਰੇ ਚਰਚਾ ਕੀਤੀ ਗਈ।’’ ਉਨ੍ਹਾਂ ਕਿਹਾ ਕਿ ਭਾਰਤ ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਦੇ ਨਾਲ ਨਾਲ ਤਕਨਾਲੋਜੀ, ਸਿੱਖਿਆ ਅਤੇ ਖੇਤਰੀ ਸੁਰੱਖਿਆ ਵਿੱਚ ਵੀ ਮਲੇਸ਼ੀਆ ਲਈ ਇੱਕ ਮਹੱਤਵਪੂਰਨ ਭਾਈਵਾਲ ਬਣਿਆ ਹੋਇਆ ਹੈ।
ਅਨਵਰ ਨੇ ਕਿਹਾ, ‘‘ਅਸੀਂ ਇਸ ਮਹੀਨੇ ਦੇ ਅੰਤ ਵਿੱਚ ਕੁਆਲਾਲੰਪੁਰ ਵਿੱਚ ਹੋਣ ਵਾਲੇ 47ਵੇਂ ਆਸੀਆਨ ਸੰਮੇਲਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਚੱਲ ਰਹੇ ਦੀਵਾਲੀ ਸਮਾਗਮਾਂ ਕਾਰਨ ਆਸੀਅਨ ਸੰਮੇਲਨ ਵਿਚ ਵਰਚੁਅਲੀ ਸ਼ਾਮਲ ਹੋਣਗੇ।’’ ਮਲੇਸ਼ਿਆਈ ਪ੍ਰਧਾਨ ਮੰਤਰੀ ਨੇ ਮੋਦੀ ਅਤੇ ਭਾਰਤ ਦੇ ਲੋਕਾਂ ਨੂੰ ਇਸ ਤਿਉਹਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ।