PM Modi targets AAP, Congress ਇਤਿਹਾਸਕ ਜਿੱਤ, ਲੋਕਾਂ ਨੇ ਦਿੱਲੀ ਨੂੰ ‘ਆਪ-ਦਾ’ ਮੁਕਤ ਕੀਤਾ: ਮੋਦੀ
ਨਵੀਂ ਦਿੱਲੀ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ (ਆਪ) ਨੂੰ ਪਾਰਟੀ ਆਗੂਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਦੀ ਜਾਂਚ ਹੋਵੇਗੀ ਤੇ ਜਿਨ੍ਹਾਂ ਲੋਕਾਂ ਨੇ ਪੈਸਾ ਲੁੱਟਿਆ ਹੈ, ਉਨ੍ਹਾਂ ਨੂੰ ਇਹ ਮੋੜਨਾ ਹੋਵੇਗਾ। ਸ੍ਰੀ ਮੋਦੀ ਦਿੱਲੀ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਲਈ ਇਥੇ ਪਾਰਟੀ ਹੈੱਡਕੁਆਰਟਰ ’ਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੀ ਤਕਰੀਰ ਵਿਚ ‘ਆਪ’ ਤੇ ਕਾਂਗਰਸ ਨੂੰ ਜਮ ਕੇ ਨਿਸ਼ਾਨਾ ਬਣਾਇਆ। ਸ੍ਰੀ ਮੋਦੀ ਨੇ ਭਾਜਪਾ ਦੀ ਜਿੱਤ ਨੂੰ ‘ਇਤਿਹਾਸਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਈ ਸਾਧਾਰਨ ਜਿੱਤ ਨਹੀਂ ਹੈ। ਦਿੱਲੀ ਦੇ ਲੋਕਾਂ ਨੇ ‘ਆਪ-ਦਾ’ ਨੂੰ ਬਾਹਰ ਕੀਤਾ ਹੈ। ਦਿੱਲੀ ਦੇ ਲੋਕ ਆਪ-ਦਾ ਮੁਕਤ ਹੋ ਗਏ ਹਨ। ਦਿੱਲੀ ਦਾ ਫ਼ਤਵਾ ਬਿਲਕੁਲ ਸਪਸ਼ਟ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਠੱਗੀ ਤੇ ਮੂਰਖਤਾ ਵਾਲੀ ਸਿਆਸਤ ਦੀ ਨਹੀਂ ਬਲਕਿ ਸੰਜੀਦਾ ਸਿਆਸੀ ਕਾਇਆਕਲਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ‘ਸ਼ਾਰਟ-ਕੱਟਾਂ ਦੀ ਸਿਆਸਤ ਨੂੰ ਸ਼ਾਰਟ-ਸਰਕਟ ਕਰ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਤੋਂ ਸਪਸ਼ਟ ਹੈ ਕਿ ਸਿਆਸਤ ਵਿਚ ਭ੍ਰਿਸ਼ਟਾਚਾਰ ਤੇ ਝੂਠ ਲਈ ਕੋਈ ਥਾਂ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ-ਦਾ’ ਵਾਲੇ ਸਿਆਸਤ ਨੂੰ ਬਦਲਣ ਦੇ ਵਾਅਵੇ ਨਾਲ ਆਏ ਸਨ, ਪਰ ਉਹ ‘ਕੱਟੜ ਬੇਈਮਾਨ’ ਨਿਕਲੇ। ਦਿੱਲੀ ਦੇ ਲੋਕਾਂ ਨੇ ‘ਆਪ-ਦਾ’ ਨੂੰ ਬਾਹਰ ਦਾ ਰਾਹ ਦਿਖਾਇਆ ਤੇ ਹੁਣ ਡਬਲ ਇੰਜਣ ਸਰਕਾਰ ਡਬਲ ਰਫ਼ਤਾਰ ਨਾਲ ਵਿਕਾਸ ਯਕੀਨੀ ਬਣਾਏਗੀ।
ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਪਾਰਟੀ ਨੂੰ ਮੁੜ ਵੱਡਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੌਮੀ ਰਾਜਧਾਨੀ ਵਿਚ ‘ਡਬਲ ਹੈਟ-ਟ੍ਰਿਕ’ ਲਾਈ ਹੈ ਤੇ ਪਾਰਟੀ ਪਿਛਲੀਆਂ ਛੇ ਚੋਣਾਂ ਵਿਚ ਦਿੱਲੀ ’ਚ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਲੋਕ ਖੁ਼ਦ ਨੂੰ ਹਾਰ ਦਾ ਸੋਨ ਤਗ਼ਮਾ ਦੇ ਰਹੇ ਹਨ। ਸੱਚ ਤਾਂ ਇਹ ਹੈ ਕਿ ਦੇਸ਼ ਹੁਣ ਕਾਂਗਰਸ ’ਤੇ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੈ। ਮੈਂ ਪਿਛਲੀ ਵਾਰ ਕਿਹਾ ਸੀ ਕਿ ਕਾਂਗਰਸ ਪਰਜੀਵੀ ਪਾਰਟੀ ਬਣ ਗਈ ਹੈ, ਜੋ ਆਪਣੇ ਹੀ ਭਾਈਵਾਲਾਂ ਦਾ ਭੱਠਾ ਬਿਠਾ ਦਿੰਦੀ ਹੈ।’’ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਇਕ ਇਕ ਕਰਕੇ ਆਪਣੇ ਭਾਈਵਾਲਾਂ ਨੂੰ ਖ਼ਤਮ ਕਰਦੀ ਜਾ ਰਹੀ ਹੈ। ਉਹ ਉਨ੍ਹਾਂ ਦੇ ਵੋਟ ਬੈਂਕ ਨੂੰ ਸੱਟ ਮਾਰਨ ਲਈ ਉਨ੍ਹਾਂ ਦੇ ਮੁੱਦੇ ਤੇ ਉਨ੍ਹਾਂ ਦੀ ਭਾਸ਼ਾ ਖੋਹ ਲੈਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਤਰੱਕੀ ਤੇ ਵਿਕਾਸ ਦੇ ਰੂਪ ਵਿਚ ਮੋੜਨਗੇ। ਉਨ੍ਹਾਂ ਕਿਹਾ, ‘‘ਆਪ-ਦਾ ਲੋਕਾਂ ਨੇ ਆਪਣੇ ਘੁਟਾਲਿਆਂ ਨੂੰ ਲੁਕਾਉਣ ਲਈ ਨਿੱਤ ਸਾਜ਼ਿਸ਼ਾਂ ਘੜੀਆਂ। ਹੁਣ ਜਦੋਂ ਦਿੱਲੀ ਦਾ ਚੋਣ ਨਤੀਜਾ ਆ ਗਿਆ ਹੈ, ਮੈਂ ਇਹ ਗਾਰੰਟੀ ਦਿੰਦਾ ਹਾਂ ਕਿ ਦਿੱਲੀ ਅਸੈਂਬਲੀ ਦੇ ਪਹਿਲੇ ਇਜਲਾਸ ਵਿਚ ਕੈਗ ਦੀ ਰਿਪੋਰਟ ਰੱਖੀ ਜਾਵੇਗੀ। ਭ੍ਰਿਸ਼ਟਾਚਾਰ ਦੀ ਹਰੇਕ ਕੜੀ ਦੀ ਜਾਂਚ ਹੋਵੇਗੀ ਤੇ ਜਿਸ ਨੇ ਵੀ ਪੈਸਾ ਲੁੱਟਿਆ ਹੈ, ਉਹ ਮੋੜਨਾ ਹੋਵੇਗਾ।’’
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਹੋਰਨਾਂ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੂਜਿਆਂ ਨੂੰ ਸਰਟੀਫਿਕੇਟ ਦੇਣ ਵਾਲੇ ਖ਼ੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਚੇਤੇ ਰਹੇ ਕਿ ਕੇਜਰੀਵਾਲ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਕੇਸ ਵਿਚ ਜ਼ਮਾਨਤ ’ਤੇ ਹਨ।
ਆਪਣੀ ਤਕਰੀਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਦਿੱਤੀ ਹਮਾਇਤ ਲਈ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਕੌਮੀ ਰਾਜਧਾਨੀ ਨੂੰ ‘ਆਪ-ਦਾ ਮੁਕਤ’ ਬਣਾ ਕੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਗਾਰੰਟੀ ਪੂਰੀ ਹੋਣ ਦੀ ਗਾਰੰਟੀ ਹੀ ਮੋਦੀ ਕੀ ਗਾਰੰਟੀ ਹੈ।
ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਕਿ ਯਮੁਨਾ ਨਦੀ ਨੂੰ ਸਾਫ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ, ‘‘ਮੈਂ ਆਪਣੀਆਂ ਚੋਣ ਰੈਲੀਆਂ ਦੌਰਾਨ ਵਾਅਦਾ ਕੀਤਾ ਸੀ ਕਿ ਅਸੀਂ ਯਮੁਨਾਜੀ ਨੂੰ ਦਿੱਲੀ ਸ਼ਹਿਰ ਦੀ ਪਛਾਣ ਬਣਾਵਾਂਗੇ। ਮੈਨੂੰ ਪਤਾ ਹੈ ਕਿ ਇਹ ਕੰਮ ਮੁਸ਼ਕਲ ਹੈ ਤੇ ਇਸ ਨੂੰ ਸਮਾਂ ਲੱਗੇਗਾ। ਪਰ ਜਿੰਨਾ ਮਰਜ਼ੀ ਸਮਾਂ ਤੇ ਊਰਜਾ ਲੱਗ ਜਾਵੇ ਅਸੀਂ ਯਮੁਨਾ ਨੂੰ ਸਾਫ਼ ਕਰਨ ਲਈ ਹਰ ਸੰਭਵ ਯਤਨ ਕਰਾਂਗੇ।’’ ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦਾ ਦਾਖ਼ਲਾ ਦੁਆਰ ਹੈ ਤੇ ਇਸ ਕੋਲ ਸਭ ਤੋਂ ਵਧੀਆ ਸ਼ਹਿਰੀ ਬੁਨਿਆਦੀ ਢਾਂਚਾ ਹੋਣਾ ਚਾਹੀਦਾ ਹੈ। -ਏਐੱਨਆਈ/ਪੀਟੀਆਈ
Delhi Elections ਅੰਨਾ ਹਜ਼ਾਰੇ ਨੂੰ ਅੱਜ ਦਰਦ ਤੋਂ ਕੁਝ ਰਾਹਤ ਮਿਲੀ ਹੋਵੇਗੀ: ਮੋਦੀ
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੰਨਾ ਹਜ਼ਾਰੇ ਨੂੰ ਦਰਦ ਤੋਂ ਕੁਝ ਰਾਹਤ ਮਿਲੀ ਹੋਵੇਗੀ ਕਿਉਂਕਿ ਉਹ ‘ਲੰਮੇ ਸਮੇਂ ਤੋਂ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ ਦਾ ਦਰਦ ਝੱਲ ਰਹੇ ਹਨ।’ ਅੰਨਾ ਹਜ਼ਾਰੇ ਨੇ ਦਿੱਲੀ ਸ਼ਰਾਬ ਆਬਕਾਰੀ ਨੀਤੀ ਨਾਲ ਜੁੜੇ ਵਿਵਾਦਾਂ ਵਿੱਚ ਕਥਿਤ ਸ਼ਮੂਲੀਅਤ ਲਈ ‘ਆਪ’ ਦੀ ਆਲੋਚਨਾ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਅੰਨਾ ਹਜ਼ਾਰੇ ਦੇ ਇਸ ਬਿਆਨ ਨੂੰ ਸੁਣਿਆ ਸੀ ਕਿ ‘ਆਪ’ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਤੋਂ ਪੈਦਾ ਹੋਈ ਸੀ, ਪਰ ਫਿਰ ਖ਼ੁਦ ਇਸ ਵਿੱਚ ਸ਼ਾਮਲ ਹੋ ਗਈ। ਸ੍ਰੀ ਮੋਦੀ ਨੇ ਕਿਹਾ, ‘‘ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਤੋਂ ਪੈਦਾ ਹੋਈ ਪਾਰਟੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋ ਗਈ। ਇਹ ਦੇਸ਼ ਦੀ ਅਜਿਹੀ ਪਾਰਟੀ ਬਣ ਗਈ ਜਿਸ ਦੇ ਮੁੱਖ ਮੰਤਰੀ ਅਤੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਗਏ। ਜੋ ਖੁਦ ਨੂੰ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੰਦੇ ਸਨ, ਉਹ ਭ੍ਰਿਸ਼ਟ ਨਿਕਲੇ। ਇਹ ਦਿੱਲੀ ਨਾਲ ਇੱਕ ਵੱਡਾ ਧੋਖਾ ਸੀ।’’