ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਰੰਪ ਦੇ ਫੋਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੋਡੇ ਟੇਕੇ: ਰਾਹੁਲ

ਵਿਰੋਧੀ ਧਿਰ ਦੇ ਆਗੂ ਨੇ ਭਾਜਪਾ ਤੇ ਆਰਐੱਸਐੱਸ ਨੂੰ ਘੇਰਿਆ
Advertisement

ਭੋਪਾਲ, 3 ਜੂਨ

ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਭਾਰਤ-ਪਾਕਿਸਤਾਨ ਫੌਜੀ ਟਕਰਾਅ ਦੌਰਾਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਫੋਨ ਆਇਆ ਤਾਂ ਉਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਡੇ ਟੇਕ ਦਿੱਤੇ। ਇਸ ਦੇ ਉਲਟ ਜਦੋਂ ਭਾਰਤ ਤੇ ਪਾਕਿਸਤਾਨ ਦੀ 1971 ਦੀ ਜੰਗ ਹੋਈ ਸੀ ਤਾਂ ਅਮਰੀਕਾ ਵੱਲੋਂ ਆਪਣਾ ਹਥਿਆਰਾਂ ਦਾ ਬੇੜਾ ਭੇਜਣ ਦੇ ਬਾਵਜੂਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਝੁਕੇ ਨਹੀਂ ਸਨ ਪਰ ਹੁਣ ਟਰੰਪ ਦਾ ਇੱਕ ਫ਼ੋਨ ਆਇਆ ਤਾਂ ਨਰਿੰਦਰ ਮੋਦੀ ਜੀ ਨੇ ਤੁਰੰਤ ਆਤਮ-ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਜਪਾ-ਆਰਐੱਸਐੱਸ ਦਾ ਚਰਿੱਤਰ ਅਜਿਹਾ ਰਿਹਾ ਹੈ ਤੇ ਉਹ ਹਮੇਸ਼ਾ ਝੁਕਦੇ ਰਹੇ ਹਨ। ਉਨ੍ਹਾਂ ਨੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਵਿੱਚ ਇੱਥੇ ਕਾਂਗਰਸ ਦੇ ਸੰਗਠਨ ਸਿਰਜਣ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਐਕਸ ’ਤੇ ਪੋਸਟ ਕਰਦਿਆਂ ਕਿਹਾ, ‘ਮੈਂ ਭਾਜਪਾ-ਆਰਐਸਐਸ ਦੇ ਲੋਕਾਂ ਨੂੰ ਜਾਣਦਾ ਹਾਂ, ਜੇ ਤੁਸੀਂ ਥੋੜ੍ਹਾ ਜਿਹਾ ਵੀ ਦਬਾਅ ਪਾਉਂਦੇ ਹੋ ਅਤੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਧੱਕਾ ਦਿੰਦੇ ਹੋ ਤਾਂ ਉਹ ਡਰ ਕੇ ਭੱਜ ਜਾਂਦੇ ਹਨ।’ ਰਾਹੁਲ ਨੇ ਕਿਹਾ ਕਿ ਭਾਰਤ ਨੇ 1971 ਵਿੱਚ ਅਮਰੀਕਾ ਦੀ ਧਮਕੀ ਦੇ ਬਾਵਜੂਦ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਇਸ ਦੇ ਉਲਟ ਕਾਂਗਰਸ ਦੇ ਬੱਬਰ ਸ਼ੇਰ ਅਤੇ ਸ਼ੇਰਨੀਆਂ ਮਹਾਂਸ਼ਕਤੀਆਂ ਨਾਲ ਲੜਦੇ ਰਹੇ ਹਨ ਤੇ ਕਦੇ ਵੀ ਝੁਕੇ ਨਹੀਂ। 1971 ਦੀ ਜੰਗ ਦੌਰਾਨ ਕੋਈ ਫ਼ੋਨ ਕਾਲ ਨਹੀਂ ਆਈ। ਭਾਵੇਂ ਹਥਿਆਰਾਂ ਦਾ ਬੇੜਾ ਆ ਗਿਆ ਪਰ ਇੰਦਰਾ ਗਾਂਧੀ ਨੇ ਆਤਮ-ਸਮਰਪਣ ਨਹੀਂ ਕੀਤਾ। ਉਨ੍ਹਾਂ ਤੋਂ ਇਲਾਵਾ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਨੇ ਕਦੇ ਵੀ ਗੋਡੇ ਨਹੀਂ ਟੇਕੇ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਲੜਾਈ ਸੰਵਿਧਾਨ ਲਈ ਹੈ। -ਪੀਟੀਆਈ

Advertisement

ਪਾਰਟੀ ਵਰਕਰਾਂ ’ਚ ਭਰਿਆ ਜੋਸ਼

ਭੋਪਾਲ: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਥੇ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ​​ਕਰਨ ਅਤੇ 2028 ਮੱਧ ਪ੍ਰਦੇਸ਼ ਚੋਣਾਂ ਲਈ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਨ ਦੇ ਉਦੇਸ਼ ਨਾਲ ਅੱਜ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕਰਦਿਆਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਰਾਹੁਲ ਨੇ ਕਾਂਗਰਸ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਪਾਰਟੀ ਆਗੂਆਂ ਨਾਲ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਕਾਂਗਰਸ ਦੇ ਆਗੂਆਂ ਵੱਲੋਂ ਰਾਹੁਲ ਗਾਂਧੀ ਦਾ ਹਵਾਈ ਅੱਡੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। -ਪੀਟੀਆਈ

Advertisement