ਭਾਰਤ ਨਾਲ ਜਲਦੀ ਵਪਾਰ ਸਮਝੌਤਾ ਕਰ ਰਹੇ ਹਾਂ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ‘ਸਭ ਤੋਂ ਵਧੀਆ ਦਿੱਖ ਵਾਲਾ ਵਿਅਕਤੀ’ ਦੱਸਿਆ। ਟਰੰਪ ਨੇ ਮੋਦੀ ਨੂੰ ਜਿੱਥੇ ‘ਪਿਤਾ’ ਦੱਸਿਆ, ਉਥੇ ਨਾਲ ਹੀ ਉਨ੍ਹਾਂ ਨੂੰ ‘ਕੀਲਣ ਵਾਲਾ’ ਅਤੇ ‘ਸਖ਼ਤ’ ਆਗੂ ਵੀ ਕਿਹਾ। ਅਮਰੀਕੀ ਸਦਰ ਨੇ ਦੋਵਾਂ ਮੁਲਕਾਂ ਦਰਮਿਆਨ ਜਲਦੀ ਹੀ ਇਕ ਵਪਾਰਕ ਸਮਝੌਤਾ ਸਿਰੇ ਚੜ੍ਹਨ ਦਾ ਸੰਕੇਤ ਦਿੱਤਾ।
ਟਰੰਪ ਇਥੇ ਏਸ਼ੀਆ ਪੈਸੇਫਿਕ ਇਕਨੌਮਿਕ ਕੋਆਪਰੇਸ਼ਨ (APEC) ਦੇ ਸੀਈਓਜ਼ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਇਸ ਸਾਲ ਮਈ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਟਾਲਣ ਲਈ ਖੁ਼ਦ ਨਿੱਜੀ ਤੌਰ ’ਤੇ ਦਖ਼ਲ ਦਿੱਤਾ ਤੇ ਦੋਵਾਂ ਮੁਲਕਾਂ ਨੂੰ ਵਪਾਰ ਸਮਝੌਤੇ ਦੀ ਘੁਰਕੀ ਦਿੱਤੀ।
ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਦਖਲ ਨੇ ਦੋ ਪ੍ਰਮਾਣੂ ਹਥਿਆਰਬੰਦ ਮੁਲਕਾਂ ਦਰਮਿਆਨ ਤਣਾਅ ਘਟਾਉਣ ਵਿੱਚ ਮਦਦ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਟਕਰਾਅ ਦੌਰਾਨ ਸੱਤ ਜਹਾਜ਼ਾਂ ਨੂੰ ਡੇਗਿਆ ਗਿਆ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਸ ਟਕਰਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਦੋਵਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕੀਤਾ ਤੇ ਇਸ ਮਤੇ ਨੂੰ ਵਪਾਰਕ ਗੱਲਬਾਤ ਨਾਲ ਜੋੜਿਆ।
ਟਰੰਪ ਨੇ ਕਿਹਾ, ‘‘ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ, ਅਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸਤਿਕਾਰ ਅਤੇ ਪਿਆਰ ਹੈ। ਸਾਡੇ ਵਿੱਚ ਇੱਕ ਵਧੀਆ ਰਿਸ਼ਤਾ ਹੈ। ਇਸੇ ਤਰ੍ਹਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਵਧੀਆ ਵਿਅਕਤੀ ਹਨ। ਉਨ੍ਹਾਂ ਕੋਲ ਇੱਕ ਫੀਲਡ ਮਾਰਸ਼ਲ ਹੈ। ਤੁਸੀਂ ਜਾਣਦੇ ਹੋ ਕਿ ਉਹ ਇੱਕ ਫੀਲਡ ਮਾਰਸ਼ਲ ਕਿਉਂ ਹੈ? ਉਹ ਇੱਕ ਮਹਾਨ ਲੜਾਕੂ ਹੈ। ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਜਾਣਦਾ ਹਾਂ। ਦੋਵਾਂ ਮੁਲਕਾਂ ਵਿਚਾਲੇ ਟਕਰਾਅ ਦੌਰਾਨ ਸੱਤ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ। ਇਹ ਦੋ ਪ੍ਰਮਾਣੂ ਦੇਸ਼ ਹਨ। ਅਤੇ ਉਹ ਸੱਚਮੁੱਚ ਇਸ ’ਤੇ ਕੰਮ ਕਰ ਰਹੇ ਹਨ।’’
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਅਤੇ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕੀਤਾ ਅਤੇ ਕਿਹਾ, ‘ਅਸੀਂ ਤੁਹਾਡੇ ਨਾਲ ਵਪਾਰਕ ਸੌਦਾ ਨਹੀਂ ਕਰ ਸਕਦੇ।’ ਮੈਂ ਕਿਹਾ, ‘ਤੁਸੀਂ ਪਾਕਿਸਤਾਨ ਨਾਲ ਜੰਗ ਸ਼ੁਰੂ ਕਰ ਰਹੇ ਹੋ। ਅਸੀਂ ਇਹ ਨਹੀਂ ਕਰਨ ਜਾ ਰਹੇ।’ ਅਤੇ ਫਿਰ ਮੈਂ ਪਾਕਿਸਤਾਨ ਨੂੰ ਫ਼ੋਨ ਕੀਤਾ ਅਤੇ ਕਿਹਾ, ‘ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ ਕਿਉਂਕਿ ਤੁਸੀਂ ਭਾਰਤ ਨਾਲ ਲੜ ਰਹੇ ਹੋ।’ ਉਨ੍ਹਾਂ ਨੇ ਕਿਹਾ, ‘‘ਨਹੀਂ, ਨਹੀਂ, ਤੁਹਾਨੂੰ ਸਾਨੂੰ ਲੜਨ ਦੇਣਾ ਚਾਹੀਦਾ ਹੈ।’ ਉਨ੍ਹਾਂ ਦੋਵਾਂ ਨੇ ਇਹ ਕਿਹਾ। ਉਹ ਤਾਕਤਵਰ ਲੋਕ ਹਨ। ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵਧੀਆ ਦਿੱਖ ਵਾਲਾ ਆਦਮੀ ਹੈ। ਉਸ ਦੀ ਦਿੱਖ ਅਜਿਹੀ ਹੈ ਜਿਵੇਂ ਤੁਸੀਂ ਆਪਣੇ ਪਿਤਾ ਨੂੰ ਦੇਖਣਾ ਚਾਹੋਗੇ। ਉਹ ਬੇਹੱਦ ਸਖ਼ਤ ਤੇ ਸਾਰਿਆਂ ਨੂੰ ‘ਕੀਲਣ’ ਵਾਲੀ ਸ਼ਖ਼ਸੀਅਤ ਹੈ।’’
ਅਮਰੀਕੀ ਰਾਸ਼ਟਰਪਤੀ ਨੇ ਸਥਿਤੀ ਨਾਲ ਨਜਿੱਠਣ ਦੇ ਆਪਣੇ ਢੰਗ ਤਰੀਕੇ ਦੀ ਤੁਲਨਾ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਕਿ ਕੀ ਬਾਇਡਨ ਵੀ ਇਸੇ ਤਰ੍ਹਾਂ ਦੇ ਨਤੀਜੇ ਪ੍ਰਾਪਤ ਕਰ ਸਕਦੇ ਸਨ।
