Plane crash ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਵਿਚ ਜਹਾਜ਼ ਹਾਦਸੇ ਵਾਲੀ ਥਾਂ ਪੁੱਜੇ
PM Modi reaches Air India plane crash site in Ahmedabad
ਅਹਿਮਦਾਬਾਦ, 13 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ ਵਾਲੀ ਸਾਈਟ ’ਤੇੇ ਪਹੁੰਚੇ। ਵੀਰਵਾਰ ਬਾਅਦ ਦੁਪਹਿਰ ਹੋਏ ਹਾਦਸੇ ਵਿਚ 265 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਤੋਂ ਸਿੱਧੇ ਮੇਘਾਨੀਨਗਰ ਇਲਾਕੇ ਵਿਚ ਹਾਦਸੇ ਵਾਲੀ ਥਾਂ ਪੁੱਜੇ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ।
ਪ੍ਰਧਾਨ ਮੰਤਰੀ ਮੋਦੀ ਹਾਦਸੇ ਵਿਚ ਬਚੇ ਇਕੋ ਇਕ ਯਾਤਰੀ ਰਮੇੇਸ਼ ਵਿਸ਼ਵਾਸ ਕੁਮਾਰ ਤੇ ਹੋਰਨਾਂ ਜ਼ਖ਼ਮੀਆਂ ਨੂੰ ਵੀ ਮਿਲਣਗੇ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਵੀਰਵਾਰ ਦੁਪਹਿਰੇ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਹਵਾਈ ਅੱਡੇ ਮੈਡੀਕਲ ਕਾਲਜ ਕੰਪਲੈਕਸ ਉੱਤੇ ਕਰੈਸ਼ ਹੋ ਗਿਆ ਸੀ। ਜਹਾਜ਼ ਵਿਚ ਅਮਲੇ ਦੇ 12 ਮੈਂਬਰਾਂ ਸਣੇ ਕੁੱਲ 242 ਯਾਤਰੀ ਸਵਾਰ ਸਨ। ਇਨ੍ਹਾਂ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਵੀ ਸ਼ਾਮਲ ਸਨ। ਹਾਦਸੇ ਵਿਚ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸਕੁੁਮਾਰ ਵਾਲ ਵਾਲ ਬਚ ਗਿਆ ਸੀ।
ਜਹਾਜ਼ ਵਿਚ ਸਵਾਰ 232 ਯਾਤਰੀਆਂ ਵਿਚ 169 ਭਾਰਤੀ, 53 ਬ੍ਰਿਟਿਸ਼, ਸੱਤ ਪੁਰਤਗਾਲੀ ਤੇ ਇਕ ਕੈਨੇਡੀਅਨ ਨਾਗਰਿਕ ਸਵਾਰ ਸੀ। ਬੀਜੇ ਮੈਡੀਕਲ ਕਾਲਜ ਦੀ ਇਮਾਰਤ ’ਤੇ ਜਹਾਜ਼ ਦੇ ਕਰੈਸ਼ ਹੋਣ ਨਾਲ ਚਾਰ ਐੱਮਬੀਬੀਐੱਸ ਵਿਦਿਆਰਥੀਆਂ ਤੇ ਇਕ ਡਾਕਟਰ ਦੀ ਪਤਨੀ ਦੀ ਮੌਤ ਹੋ ਗਈ ਸੀ। -ਪੀਟੀਆਈ