Plane collides with helicopter ਅਮਰੀਕੀ ਏਅਰਲਾਈਨ ਦਾ ਜਹਾਜ਼ ਫੌਜੀ ਹੈਲੀਕਾਪਟਰ ਨਾਲ ਟਕਰਾਇਆ, ਜਹਾਜ਼ ਸਵਾਰ 64 ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ
ਰਾਹਤ ਤੇ ਬਚਾਅ ਕਾਰਜਾਂ ’ਚ ਲੱਗੀਆਂ ਟੀਮਾਂ ਨੇ ਪੋਟੋਮੈਕ ਨਦੀ ਦੇ ਬਰਫ਼ੀਲੇ ਪਾਣੀ ’ਚੋਂ ਘੱਟੋ-ਘੱਟ 28 ਲਾਸ਼ਾਂ ਕੱਢੀਆਂ; ਰਾਸ਼ਟਰਪਤੀ ਟਰੰਪ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ
ਆਰਲਿੰਗਟਨ (ਅਮਰੀਕਾ), 30 ਜਨਵਰੀ
ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ’ਤੇ ਬੁੱਧਵਾਰ ਰਾਤ ਨੂੰ ਲੈਂਡਿੰਗ ਮੌਕੇ ਅਮਰੀਕੀ ਏਅਰਲਾਈਨ ਦਾ ਜਹਾਜ਼ ਫੌਜੀ ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸੇ ਵਿਚ ਜਹਾਜ਼ ਸਵਾਰ ਸਾਰੇ 64 ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਹਾਦਸੇ ਦੇ ਕਾਰਨਾਂ ਬਾਰੇ ਫੌਰੀ ਤੌਰ ’ਤੇ ਭਾਵੇਂ ਕੁਝ ਨਹੀਂ ਕਿਹਾ ਗਿਆ, ਪਰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਅਤੇ ਲੈਂਡਿੰਗਾਂ ਨੂੰ ਰੋਕ ਦਿੱਤਾ ਗਿਆ। ਹਾਦਸੇ ਮਗਰੋਂ ਪੋਟੋਮੈਕ ਨਦੀ ਦੇ ਬਰਫ਼ੀਲੇ ਪਾਣੀ ਵਿਚੋਂ ਘੱਟੋ-ਘੱਟ 28 ਲਾਸ਼ਾਂ ਕੱਢੀਆਂ ਗਈਆਂ ਹਨ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਵੱਲੋਂ ਜਹਾਜ਼ ਵਿਚ ਸਵਾਰ ਹੋਰਨਾਂ ਮੁਸਾਫ਼ਰਾਂ ਤੇ ਅਮਲੇ ਦੇ ਚਾਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਂਝ ਉਨ੍ਹਾਂ ਖ਼ਦਸ਼ਾ ਜਤਾਇਆ ਕਿ ਹਾਦਸੇ ਵਿਚ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ ਤੇ ਪਿਛਲੇ 24 ਸਾਲਾਂ ਵਿਚ ਇਹ ਅਮਰੀਕਾ ਦਾ ਸਭ ਤੋਂ ਘਾਤਕ ਹਵਾਈ ਹਾਦਸਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਏਅਰਲਾਈਨ ਦਾ ਜਹਾਜ਼ ਵਿਚਿਤਾ ਕੰਸਾਸ ਤੋਂ ਆ ਰਿਹਾ ਸੀ ਤੇ ਇਸ ਵਿਚ ਅਮਰੀਕੀ ਤੇ ਰੂਸੀ ਸਕੇਟਰਜ਼ ਤੋਂ ਇਲਾਵਾ ਹੋਰ ਯਾਤਰੀ ਸਵਾਰ ਸਨ। ਜਹਾਜ਼ ਰੁਟੀਨ ਲੈਂਡਿੰਗ ਦੌਰਾਨ ਰਾਹ ਵਿਚ ਆਏ ਹੈਲੀਕਾਪਟਰ ਨਾਲ ਟਕਰਾਅ ਗਿਆ। ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਏਪੀ