DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਲੋਕ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨ ਲੱਗੇ

ਡੀਸੀ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਘਬਰਾਹਟ ’ਚ ਕੋਈ ਕਦਮ ਨਾ ਚੁੱਕਣ ਦੀ ਅਪੀਲ
  • fb
  • twitter
  • whatsapp
  • whatsapp
featured-img featured-img
ਸਰਹੱਦੀ ਪਿੰਡ ਪੱਕਾ ਚਿਸ਼ਤੀ ਤੋਂ ਆਪਣਾ ਸਾਮਾਨ ਚੁੱਕ ਕੇ ਸੁਰੱਖਿਅਤ ਜਗ੍ਹਾ ’ਤੇ ਲੈ ਕੇ ਜਾਂਦੇ ਲੋਕ।
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 7 ਮਈ

Advertisement

ਭਾਰਤ ਵੱਲੋਂ ਅਪਰੇਸ਼ਨ ਸਿੰਦੂਰ ਤਹਿਤ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਹਮਲੇ ਮਗਰੋਂ ਪੈਦਾ ਹੋਏ ਤਣਾਅ ਕਾਰਨ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਡਰ ਦਾ ਮਾਹੌਲ ਹੈ। ਸਰਕਾਰੀ ਹੁਕਮਾਂ ਤੋਂ ਬਿਨਾਂ ਹੀ ਵੱਡੀ ਗਿਣਤੀ ਲੋਕ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨ ਲੱਗੇ ਹਨ। ਫਿਰੋਜ਼ਪੁਰ ’ਚ ਹੁਸੈਨੀਵਾਲਾ ਸਰਹੱਦ ਨੇੜਲੇ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਘਰ ਖਾਲੀ ਕਰਕੇ ਜਾ ਰਹੇ ਹਨ। ਉਹ ਆਪਣੇ ਪਰਿਵਾਰਾਂ ਦੇ ਇੱਕ-ਦੋ ਮੈਂਬਰਾਂ ਨੂੰ ਘਰਾਂ ਅਤੇ ਪਸ਼ੂਆਂ ਦੀ ਦੇਖਭਾਲ ਲਈ ਛੱਡ ਗਏ ਹਨ। ਇਨ੍ਹਾਂ ਪਿੰਡਾਂ ਵਿੱਚ ਸਿਰਫ਼ ਸਥਾਨਕ ਲੋਕਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ ਅਤੇ ਮੀਡੀਆ ਸਮੇਤ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਥਾਨਕ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਇਥੋਂ ਦੇ ਸਰਹੱਦੀ ਪਿੰਡ ਟੇਂਡੀਵਾਲਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਦੱਸਿਆ ਕਿ ਜੰਗ ਦੇ ਖ਼ਤਰੇ ਕਾਰਨ ਉਹ ਬੱਚਿਆਂ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ, ਇਸ ਲਈ ਉਨ੍ਹਾਂ ਨੇ ਆਪਣਾ ਕੀਮਤੀ ਤੇ ਹੋਰ ਜ਼ਰੂਰੀ ਸਾਮਾਨ ਘਰੋਂ ਕੱਢ ਲਿਆ ਹੈ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖ਼ਾ ਸ਼ਰਮਾ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਸ਼ਾਸਨ ਜਾਂ ਫ਼ੌਜ ਵੱਲੋਂ ਕਿਸੇ ਨੂੰ ਵੀ ਪਿੰਡ ਛੱਡ ਕੇ ਜਾਣ ਲਈ ਨਹੀਂ ਕਿਹਾ ਗਿਆ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਘਬਰਾਹਟ ਵਿੱਚ ਕੋਈ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ ਪਰ ਜ਼ਮੀਨੀ ਪੱਧਰ ’ਤੇ ਸਥਿਤੀ ਵੱਖਰੀ ਹੈ। ।

ਅੰਮ੍ਰਿਤਸਰ: ਸਰਹੱਦੀ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ’ਤੇ ਜਾਣੇ ਸ਼ੁਰੂ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਤਣਾਅ ਵਿਚਾਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦਾਓਕੇ ਦੇ ਲੋਕਾਂ ਨੇ ਸਵੈ-ਇੱਛਾ ਨਾਲ ਸੁਰੱਖਿਤ ਥਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਸਰਹੱਦੀ ਪਿੰਡ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਤਿੰਨ ਪਾਸਿਓਂ ਪਾਕਿਸਤਾਨੀ ਸਰਹੱਦ ਨਾਲ ਜੁੜਦਾ ਹੈ। ਭਾਵੇਂ ਇਸ ਪਿੰਡ ਦੇ ਤਿੰਨੋਂ ਪਾਸੇ ਕੰਡਿਆਲੀ ਤਾਰ ਲੱਗੀ ਹੋਈ ਹੈ ਪਰ ਤਿੰਨੋਂ ਪਾਸਿਓਂ ਪਾਕਿਸਤਾਨੀ ਸਰਹੱਦ ਨਾਲ ਜੁੜਦਾ ਹੋਣ ਕਾਰਨ ਲੋਕ ਸਮੇਂ ਸਿਰ ਸੁਰੱਖਿਅਤ ਥਾਵਾਂ ’ਤੇ ਪੁੱਜਣਾ ਚਾਹੁੰਦੇ ਹਨ। ਜੇ ਜੰਗ ਸ਼ੁਰੂ ਹੁੰਦੀ ਹੈ ਜਾਂ ਪਾਕਿਸਤਾਨ ਵੱਲੋਂ ਗੋਲੀਬਾਰੀ ਹੁੰਦੀ ਹੈ ਤਾਂ ਲੋਕਾਂ ਲਈ ਇਥੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਪਿੰਡ ਤੋਂ ਬਾਹਰ ਜਾਣ ਵਾਸਤੇ ਸਿਰਫ ਇੱਕ ਸੜਕ ਹੈ। ਸਰਹੱਦੀ ਪੱਟੀ ਦੇ ਪਿੰਡ ਮਹਾਵਾ, ਰਾਜਾ ਤਾਲ, ਨੇਸ਼ਟਾ, ਰੋੜਾਂ ਵਾਲਾ ਖੁਰਦ ਅਤੇ ਰੋੜਾ ਵਾਲਾ ਕਲਾਂ ਸਮੇਤ ਹੋਰ ਪਿੰਡਾਂ ਵਿੱਚ ਭਾਵੇਂ ਸਥਿਤੀ ਆਮ ਵਾਂਗ ਹੈ ਅਤੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਲੋਕਾਂ ਨੂੰ ਜੰਗ ਦਾ ਡਰ ਅਤੇ ਮੁੜ ਉਜਾੜੇ ਦਾ ਖਦਸ਼ਾ ਸਤਾਉਣ ਲੱਗਾ ਹੈ।

ਲੋਕ ਘਰਾਂ ਤੋਂ ਬੇਘਰ ਹੋਣ ਲਈ ਮਜਬੂਰ

ਫਾਜ਼ਿਲਕਾ ( ਪਰਮਜੀਤ ਸਿੰਘ): ਭਾਰਤ ਦੇ ਅਪਰੇਸ਼ਨ ਸਿੰਧੂਰ ਮਗਰੋਂ ਵਧੇ ਤਣਾਅ ਦੇ ਮੱਦੇਨਜ਼ਰ ਸਰਹੱਦੀ ਇਲਾਕੇ ਦੇ ਲੋਕਾਂ ਨੇ ਪਿੰਡ ਛੱਡਣੇ ਸ਼ੁਰੂ ਕਰ ਦਿੱਤੇ ਹਨ। ਸਰਹੱਦੀ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਘਰਾਂ ਦਾ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ। 1965-71 ਦੀ ਜੰਗ ਵੇਲੇ ਇਸ ਇਲਾਕੇ ਨੂੰ ਪਾਕਿਸਤਾਨ ਨੇ ਘੇਰ ਲਿਆ ਸੀ। ਭਾਵੇਂ ਕਿ ਲੋਕ ਇਲਾਕੇ ਨੂੰ ਛੱਡ ਕੇ ਉਦੋਂ ਚਲੇ ਗਏ ਸਨ, ਪਰ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਦੇ ਘਰਾਂ ’ਚ ਪਿਆ ਸਾਮਾਨ ਲੁੱਟ ਲਿਆ ਸੀ। ਉਸ ਸਮੇਂ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਸੀ। ਸਰਹੱਦੀ ਪਿੰਡ ਪੱਕਾ ਚਿਸਤੀ ਦੇ ਵਸਨੀਕ ਗੁਰਚਰਨ ਸਿੰਘ ਅਤੇ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਅਧਿਕਾਰਤ ਤੌਰ ’ਤੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨੂੰ ਇਥੋਂ ਜਾਣ ਲਈ ਕਿਹਾ ਪਰ ਉਹ ਆਪਣੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਆਪਣੇ ਪਰਿਵਾਰ ਅਤੇ ਸਾਮਾਨ ਨੂੰ ਲੈ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ। 1965-71 ਦੀ ਜੰਗ ਦਾ ਸੰਤਾਪ ਭੋਗ ਚੁੱਕੇ ਇਸੇ ਹੀ ਪਿੰਡ ਦੇ ਬਜ਼ੁਰਗ ਫੌਜਾ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ ਘੇਰ ਲਿਆ ਸੀ ਤਾਂ ਉਨ੍ਹਾਂ ਨੂੰ ਪਾਣੀ ਦਾ ਗਿਲਾਸ ਤੱਕ ਨਹੀਂ ਚੁੱਕਣ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੰਗ ਦੌਰਾਨ ਜਦੋਂ ਘਰਾਂ ’ਤੇ ਕਬਜ਼ੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਕਾਨਾਂ ਦੀਆਂ ਇੱਟਾਂ ਤੱਕ ਪੁੱਟ ਲਈਆਂ ਜਾਂਦੀਆਂ ਹਨ।

Advertisement
×