ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਸ਼ਾਂਤੀ ਵਾਰਤਾ ਬੇਨਤੀਜਾ ਰਹੀ: ਪਾਕਿਸਤਾਨ
ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਸ਼ਾਂਤੀ ਵਾਰਤਾ ਇਸਤਾਂਬੁਲ ਵਿੱਚ ਚਾਰ ਦਿਨਾਂ ਤੱਕ ਜਾਰੀ ਰਹੀ ਪਰ ਇਸਦਾ ਕੋਈ ਨਤੀਜਾ ਨਹੀਂ ਨਿੱਕਲਿਆ।
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਤਾਲਿਬਾਨ ਸਰਕਾਰ 'ਤੇ ਸਰਹੱਦ ਪਾਰ ਹਮਲਿਆਂ ਲਈ ਜ਼ਿੰਮੇਵਾਰ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ।
ਇਹ ਵਾਰਤਾ ਦੋਹਾ ਵਿੱਚ ਹੋਏ ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ ਹੋਈ ਸੀ, ਜਿਸ ਤੋਂ ਬਾਅਦ 19 ਅਕਤੂਬਰ ਨੂੰ ਦੋਵਾਂ ਧਿਰਾਂ ਦਰਮਿਆਨ ਜੰਗਬੰਦੀ ਹੋਈ ਸੀ।
ਪਾਕਿਸਤਾਨ ਤਾਲਿਬਾਨ ’ਤੇ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦਾ ਹੈ, ਜਦੋਂ ਕਿ ਅਫ਼ਗਾਨਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਸਦੀ ਧਰਤੀ ਦੀ ਵਰਤੋਂ ਪਾਕਿਸਤਾਨ ਦੇ ਖ਼ਿਲਾਫ਼ ਕੀਤੀ ਜਾ ਰਹੀ ਹੈ।
ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਕਿਹਾ ਕਿ ਕਤਰ ਅਤੇ ਤੁਰਕੀ ਦੀ ਵਿਚੋਲਗੀ ਦੇ ਬਾਵਜੂਦ, ਗੱਲਬਾਤ ਵਿੱਚ ਕੋਈ ਵਿਹਾਰਕ ਹੱਲ ਨਹੀਂ ਨਿਕਲਿਆ। ਤਰਾਰ ਦੇ ਬਿਆਨ ’ਤੇ ਅਫ਼ਗਾਨਿਸਤਾਨ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਸੀ ਕਿ ਵਾਰਤਾ ਵਿੱਚ ਰੁਕਾਵਟ ਹੈ ਅਤੇ ਸਮਝੌਤੇ ’ਤੇ ਪਹੁੰਚਣ ਵਿੱਚ ਅਸਫਲ ਰਹਿਣ ਲਈ ਦੋਵਾਂ ਨੇ ਇੱਕ ਦੂਜੇ 'ਤੇ ਦੋਸ਼ ਲਗਾਏ ਸਨ।
