ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿਚਾਲੇ ਇਸਤੰਬੁਲ ’ਚ ਜਾਰੀ ਸ਼ਾਂਤੀ ਵਾਰਤਾ ਨਾਕਾਮ
ਇਸਤੰਬੁਲ ਵਿੱਚ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦਰਮਿਆਨ ਚੱਲ ਰਹੀ ਸ਼ਾਂਤੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੋਵੇਂ ਧਿਰਾਂ ਸਰਹੱਦੀ ਤਣਾਅ ਘੱਟ ਕਰਨ ਅਤੇ ਨਾਜ਼ੁਕ ਜੰਗਬੰਦੀ ਬਰਕਰਾਰ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗੱਲਬਾਤ ਟੁੱਟਣ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਦੋਵਾਂ ਮੁਲਕਾਂ ਦਰਮਿਆਨ ਹਾਲੀਆ ਹਫ਼ਤਿਆਂ ਵਿੱਚ ਘਾਤਕ ਸਰਹੱਦੀ ਜੰਗ ਤੋਂ ਬਾਅਦ ਤਣਾਅ ਵਧਿਆ ਹੈ।
ਇਸ ਟਕਰਾਅ ਦੌਰਾਨ ਦਰਜਨਾਂ ਫੌਜੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ। ਕਾਬੁਲ ਵਿਚ 9 ਅਕਤੂਬਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਹਿੰਸਾ ਭੜਕ ਗਈ। ਅਫ਼ਗ਼ਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਨ੍ਹਾਂ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਿਹਾ ਸੀ ਅਤੇ ਬਦਲਾ ਲੈਣ ਦੀ ਸਹੁੰ ਖਾਧੀ ਸੀ। ਕਤਰ ਵੱਲੋਂ 19 ਅਕਤੂਬਰ ਨੂੰ ਜੰਗਬੰਦੀ ਦੀ ਵਿਚੋਲਗੀ ਕਰਨ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਤਣਾਅ ਘਟਿਆ ਸੀ।
ਅਫ਼ਗ਼ਾਨਿਸਤਾਨ ਸਰਕਾਰ ਦੇ ਬੁਲਾਰੇ, ਜ਼ਬੀਉੱਲਾਹ ਮੁਜਾਹਿਦ ਨੇ ਗੱਲਬਾਤ ਟੁੱਟਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ‘‘ਸ਼ਾਂਤੀ ਵਾਰਤਾ ਦੌਰਾਨ ਪਾਕਿਸਤਾਨ ਦੀਆਂ ਮੰਗਾਂ ਗ਼ੈਰਵਾਜਬ ਸਨ ਅਤੇ ਗੱਲਬਾਤ ਅੱਗੇ ਨਹੀਂ ਵਧ ਸਕੀ, ਮੀਟਿੰਗ ਖਤਮ ਹੋ ਗਈ ਅਤੇ ਗੱਲਬਾਤ ਹੁਣ ਲਈ ਰੁਕੀ ਹੋਈ ਹੈ।’’ ਸ਼ਨਿੱਚਰਵਾਰ ਨੂੰ ਦੱਖਣੀ ਅਫਗਾਨ ਸ਼ਹਿਰ ਕੰਧਾਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ (ਖੇਤਰ ਵਿੱਚ) ਅਸੁਰੱਖਿਆ ਨਹੀਂ ਚਾਹੁੰਦਾ, ਅਤੇ ਜੰਗ ਵਿੱਚ ਸ਼ਾਮਲ ਹੋਣਾ ਸਾਡੀ ਪਹਿਲੀ ਪਸੰਦ ਨਹੀਂ ਹੈ।’’ ਮੁਜਾਹਿਦ ਨੇ ਕਿਹਾ ਕਿ ‘ਜੇਕਰ ਜੰਗ ਸ਼ੁਰੂ ਹੁੰਦੀ ਹੈ, ਤਾਂ ਸਾਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ।’
ਇਸ ਤੋਂ ਪਹਿਲਾਂ ਉਸ ਨੇ ਇੱਕ ਲਿਖਤੀ ਬਿਆਨ ਵਿੱਚ ਦੁਹਰਾਇਆ ਸੀ ਕਿ ਅਫਗਾਨਿਸਤਾਨ ‘ਕਿਸੇ ਨੂੰ ਵੀ ਆਪਣੀ ਧਰਤੀ ਨੂੰ ਕਿਸੇ ਹੋਰ ਦੇਸ਼ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ, ਅਤੇ ਨਾ ਹੀ ਅਜਿਹੀ ਕਾਰਵਾਈ ਦੀ ਇਜਾਜ਼ਤ ਦੇਵੇਗਾ ਜੋ ਇਸ ਦੀ ਪ੍ਰਭੂਸੱਤਾ ਜਾਂ ਸੁਰੱਖਿਆ ਨੂੰ ਕਮਜ਼ੋਰ ਕਰੇ।’
ਤੁਰਕੀ ਅਤੇ ਕਤਰ ਦੀ ਵਿਚੋਲਗੀ ਨਾਲ ਇਸਤੰਬੁਲ ਵਿੱਚ ਦੋ ਦਿਨਾਂ ਗੱਲਬਾਤ, ਸ਼ਾਂਤੀ ਵਾਰਤਾ ਦਾ ਤੀਜਾ ਦੌਰ ਸੀ ਜਿਸ ਨੂੰ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਗੁਆਂਢੀਆਂ ਵਿਚਕਾਰ ਸਭ ਤੋਂ ਮਹੱਤਵਪੂਰਨ ਕੂਟਨੀਤਕ ਯਤਨਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਸੀ। ਪਰਦੇ ਪਿਛਲੀ ਕੂਟਨੀਤੀ ਦੇ ਬਾਵਜੂਦ, ਅਧਿਕਾਰੀਆਂ ਨੇ ਕਿਹਾ ਕਿ ਸ਼ਾਂਤੀ ਵਾਰਤਾ ਸ਼ੁੱਕਰਵਾਰ ਦੇਰ ਰਾਤ ਬਿਨਾਂ ਕਿਸੇ ਠੋਸ ਪ੍ਰਗਤੀ ਦੇ ਰੁਕ ਗਈ।
ਉਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸ਼ੁੱਕਰਵਾਰ ਦੇਰ ਰਾਤ ਨਿੱਜੀ ਜੀਓ ਨਿਊਜ਼ ਚੈਨਲ ਨੂੰ ਦੱਸਿਆ ਕਿ ‘ਗੱਲਬਾਤ ਖਤਮ ਹੋ ਗਈ ਹੈ’ ਅਤੇ ਪਾਕਿਸਤਾਨੀ ਵਫ਼ਦ ‘ਭਵਿੱਖ ਵਿੱਚ ਕਿਸੇ ਵੀ ਮੀਟਿੰਗ ਦੀ ਕੋਈ ਯੋਜਨਾ ਨਹੀਂ’ ਦੇ ਨਾਲ ਘਰ ਪਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ‘ਅਫ਼ਗਾਨਿਸਤਾਨ ਵੱਲੋਂ ਇਸ ਦੀ ਕੋਈ ਉਲੰਘਣਾ ਨਹੀਂ ਹੁੰਦੀ।’
