ਪਟਨਾ ਹਸਪਤਾਲ ਕਤਲ ਕੇਸ: ਪੁਲੀਸ ਨਾਲ ਮੁਕਾਬਲੇ ਤੋਂ ਬਾਅਦ 3 ਹੋਰ ਗ੍ਰਿਫ਼ਤਾਰ
ਪਟਨਾ ਦੇ ਇੱਕ ਹਸਪਤਾਲ ਵਿੱਚ ਹੋਏ ਗੈਂਗਸਟਰ ਚੰਦਨ ਮਿਸ਼ਰਾ ਦੇ ਕਤਲ ਵਿੱਚ ਲੋੜੀਂਦੇ ਤਿੰਨ ਵਿਅਕਤੀਆਂ ਨੂੰ ਮੰਗਲਵਾਰ ਨੂੰ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਪੁਲੀਸ ਨਾਲ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਵੰਤ ਕੁਮਾਰ, ਰਵੀਰੰਜਨ ਕੁਮਾਰ ਸਿੰਘ ਅਤੇ ਅਭਿਸ਼ੇਕ ਕੁਮਾਰ ਵਜੋਂ ਹੋਈ ਹੈ। ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਸਪੈਸ਼ਲ ਟਾਸਕ ਫੋਰਸ ਅਤੇ ਜ਼ਿਲ੍ਹਾ ਪੁਲੀਸ ਦੀ ਸਾਂਝੀ ਟੀਮ ਸਵੇਰੇ 5 ਵਜੇ ਦੇ ਕਰੀਬ ਬਿਹਿਆਨ ਖੇਤਰ ਵਿੱਚ ਪਹੁੰਚੀ ਜਿੱਥੇ ਉਹ ਲੁਕੇ ਹੋਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਕਰਮਚਾਰੀਆਂ ਨੂੰ ਦੇਖ ਕੇ ਮੁਲਜ਼ਮਾਂ ਨੇ ਗੋਲੀਬਾਰੀ ਕਰਦਿਆਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਜਵਾਬੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਬਲਵੰਤ ਕੁਮਾਰ ਅਤੇ ਰਵੀਰੰਜਨ ਕੁਮਾਰ ਸਿੰਘ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਕੋਈ ਵੀ ਪੁਲੀਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਅਤੇ ਚਾਰ ਕਾਰਤੂਸਾਂ ਵਾਲੀਆਂ ਦੋ ਮੈਗਜ਼ੀਨਾਂ ਬਰਾਮਦ ਹੋਈਆਂ ਹਨ। ਕੁਮਾਰ ਅਤੇ ਸਿੰਘ ਦਾ ਭੋਜਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਆਰਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਜ਼ਿਕਰਯੋਗ ਹੈ ਕਿ ਕਤਲ ਦਾ ਦੋਸ਼ੀ ਮਿਸ਼ਰਾ, ਜੋ ਕਿ ਪੈਰੋਲ ’ਤੇ ਬਾਹਰ ਸੀ, ਨੂੰ 17 ਜੁਲਾਈ ਨੂੰ ਪਟਨਾ ਦੇ ਇੱਕ ਨਿੱਜੀ ਹਸਪਤਾਲ ਦੇ ਅੰਦਰ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਮੁੱਖ ਦੋਸ਼ੀ ਤੌਸੀਫ ਉਰਫ਼ ਬਾਦਸ਼ਾਹ, ਉਸਦੇ ਚਚੇਰੇ ਭਰਾ ਨਿਸ਼ੂ ਖਾਨ ਅਤੇ ਉਨ੍ਹਾਂ ਦੇ ਦੋ ਸਾਥੀਆਂ ਹਰਸ਼ ਅਤੇ ਭੀਮ ਨੂੰ ਸ਼ਨਿਚਰਵਾਰ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਸੀ।