ਆਪਰੇਸ਼ਨ ਸਿੰਦੂਰ ਲਈ ਜਾਰੀ ਅਲਰਟ ਦਰਮਿਆਨ ਏਅਰ ਇੰਡੀਆ ਦੀ ਉਡਾਣ ’ਚੋਂ ਯਾਤਰੀ ਨੂੰ ਉਤਾਰਿਆ
Passenger deplaned from Air India flight amid 'Operation Sindoor' alert
ਬੰਗਲੂਰੂ, 7 ਮਈ
ਦੇਸ਼ ਭਰ ਵਿੱਚ ਜਾਰੀ ਸਖ਼ਤ ਸੁਰੱਖਿਆ ਅਲਰਟ ਦਰਮਿਆਨ ਬੁੱਧਵਾਰ ਸ਼ਾਮ ਨੂੰ ਇਥੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ (ਕੇਆਈਏ) ’ਤੇ ਏਅਰ ਇੰਡੀਆ ਦੀ ਉਡਾਣ ’ਚੋਂ ਇੱਕ ਯਾਤਰੀ ਨੂੰ ਉਤਾਰਿਆ ਗਿਆ ਹੈ।
ਹਵਾਈ ਅੱਡੇ ਵਿਚਲੇ ਸੂਤਰਾਂ ਨੇ ਕਿਹਾ ਕਿ ਇਹ ਯਾਤਰੀ ਏਅਰ ਇੰਡੀਆ ਦੀ ਬੰਗਲੂਰੂ ਤੋਂ ਨਵੀਂ ਦਿੱਲੀ ਉਡਾਣ ਏਆਈ-2820 ਵਿਚ ਸਫ਼ਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਫਲਾਈਟ ਸ਼ਾਮੀਂ 6:05 ਵਜੇ ਉਡਾਣ ਭਰਦੀ ਯਾਤਰੀ, ਜਿਸ ਦੀ ਪਛਾਣ ਗੁਪਤ ਰੱਖੀ ਗਈ ਹੈ, ਨੂੰ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਜਹਾਜ਼ ਤੋਂ ਹੇਠਾਂ ਉਤਾਰ ਲਿਆ ਗਿਆ।
ਏਅਰ ਇੰਡੀਆ ਦੇ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਇਸ ਪੂਰੀ ਘਟਨਾ ਤੋਂ ਜਾਣੂ ਹਾਂ, ਪਰ ਇਸ ਬਾਰੇ ਵੇਰਵੇ ਸਾਂਝੇ ਨਹੀਂ ਕਰਾਂਗੇ। ਯਾਤਰੀ ਨੂੰ ਜਹਾਜ਼ ’ਚੋਂ ਉਤਾਰਨ ਦੀ ਕੋਈ ਵਜ੍ਹਾ ਹੋਵੇਗੀ। ਅਜਿਹਾ ਆਮ ਕਰਕੇ ਨਹੀਂ ਹੁੰਦਾ। ਕੁਝ ਕਾਰਨ ਹਨ ਜਿਨ੍ਹਾਂ ਬਾਰੇ ਅਸੀਂ ਨਹੀਂ ਦੱਸ ਸਕਦੇ।’’
ਆਪਰੇਸ਼ਨ ਸਿੰਦੂਰ ਦੇ ਚਲਦਿਆਂ ਪੂਰੇ ਦੇਸ਼ ਵਿਚ ਹਵਾਈ ਅੱਡਿਆਂ ’ਤੇ ਜਾਰੀ ਅਲਰਟ ਦੇ ਮੱਦੇਨਜ਼ਰ ਬੰਗਲੂਰੂ ਹਵਾਈ ਅੱਡੇ ’ਤੇ ਵੀ ਸੁਰੱਖਿਆ ਵਧਾਈ ਗਈ ਹੈ। -ਪੀਟੀਆਈ

