ਪ੍ਰਤਾਪ ਸਿੰਘ ਬਾਜਵਾ ਨੇ ‘ਵਾਰ ਆਨ ਡਰੱਗਜ਼’ ਮੁਹਿੰਮ ਨੂੰ ਦੱਸਿਆ ਡਰਾਮਾ
ਚੰਡੀਗੜ੍ਹ , 1 ਮਾਰਚ
ਪੰਜਾਬ ਸਰਕਾਰ ਦੀ ‘ਵਾਰ ਆਨ ਡਰੱਗਜ਼’ (ਨਸ਼ਿਆਂ ਖ਼ਿਲਾਫ਼ ਜੰਗ) ਮੁਹਿੰਮ ਦੀ ਆਲੋਚਨਾ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਕਾਰਵਾਈ ਦੇ ਸਮੇਂ ਅਤੇ ਇਰਾਦੇ ’ਤੇ ਸਵਾਲ ਉਠਾਏ ਹਨ। ਬਾਜਵਾ ਨੇ ਕਿਹਾ, "ਕਿਸੇ ਵੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੋਈ ਵੀ ਫੈਸਲਾ ਲਿਆ ਜਾਵੇਗਾ ਤਾਂ ਹਰ ਕੋਈ, ਖਾਸ ਕਰਕੇ ਵਿਰੋਧੀ ਪਾਰਟੀ ਇਸ ਦਾ ਸਵਾਗਤ ਕਰੇਗੀ। ਪਰ ਮੈਨੂੰ ਲਗਦਾ ਹੈ ਕਿ ਹਰ ਚੀਜ਼ ਲਈ ਸਮਾਂ ਹੁੰਦਾ ਹੈ, ਮੁੱਖ ਮੰਤਰੀ ਪਹਿਲਾ ਯੋਧਾ ਹੈ। ਜੇ ਤੁਹਾਡਾ ਮੁੱਖ ਮੰਤਰੀ 'ਨਸ਼ਾ ਮੁਕਤ' ਨਹੀਂ ਹੈ, ਤਾਂ ਪੰਜਾਬ ਨਸ਼ਾ ਮੁਕਤ ਕਿਵੇਂ ਹੋਵੇਗਾ?’’
ਉਨ੍ਹਾਂ ਕਿਹਾ, ‘‘ਤਿੰਨ ਸਾਲਾਂ ਬਾਅਦ, ਜਦੋਂ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ, ਜਦੋਂ ਪੰਜਾਬ ਦੀ ਆਰਥਿਕਤਾ ਤਬਾਹੀ ਕੰਢੇ ਹੈ, ਹੁਣ ਤੁਸੀਂ ਇਹ ਰੇਡ ਸ਼ੁਰੂ ਕੀਤੀ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਉੱਚ ਪੁਲੀਸ ਅਧਿਕਾਰੀ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ ਅਤੇ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਕੋਈ ਰਿਹਾਇਸ਼ ਢਾਹੀ ਗਈ ਹੈ।
ਬਾਜਵਾ ਨੇ ਤਨਜ਼ ਕੱਸਦਿਆਂ ਕਿਹਾ, ‘‘ਤੁਸੀਂ ਕਿਸੇ ਨੂੰ ਫੜਨ ਜਾਂ ਸਪਲਾਈ ਰੋਕਣ ਵਿਚ ਅਸਮਰੱਥ ਹੋ। ਲੋਕ ਤੁਹਾਡੇ ’ਤੇ ਭਰੋਸਾ ਨਹੀਂ ਕਰਦੇ, ਇਹ ਡਰਾਮਾ ਹੈ, ਉਹ ਜਾਣਦੇ ਹਨ ਕਿ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਵਿਚ ਕੁਝ ਵੀ ਨਹੀਂ ਹੈ।’’
ਗ਼ੌਰਤਲਬ ਹੈ ਕਿ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਦਾ ਐਲਾਨ ਕੀਤਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਸਬੰਧੀ ਅੱਜ ਪੰਜਾਬ ਪੁਲੀਸ ਵੱਲੋਂ ਪੂਰੇ ਸੂਬੇ ਵਿਚ ‘ਵਾਰ ਆਨ ਡਰੱਗਜ਼’ ਮੁਹਿੰਮ ਤਹਿਤ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਇਸ ਤੋਂ ਬਾਅਦ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦੀ ਇਹ ਟਿੱਪਣੀ ਸਾਹਮਣੇ ਆਈ ਹੈ। -ਏਐੱਨਆਈ